ਮੁਹਾਲੀ ਦੇ ਸੈਕਟਰ 71 ਦੀ ਬੂਥ ਮਾਰਕੀਟ ਦੇ ਸਾਹਮਣੇ ਇਕ ਪਾਰਕ ਵਿਚ ਬੀਤੀ ਰਾਤ ਇੱਕ ਨੌਜਵਾਨ ਪ੍ਰਵਾਸੀ ਮਜ਼ਦੂਰ ਦਾ ਕਤਲ ਹੋ ਗਿਆ। ਮ੍ਰਿਤਕ ਦੋ ਬੱਚਿਆਂ ਦਾ ਪਿਉ ਸੀ। ਉਸ ਦੀ ਪਤਨੀ ਆਪਣੇ ਬੱਚਿਆਂ ਸਮੇਤ ਉੱਤਰ ਪ੍ਰਦੇਸ਼ ਗਈ ਹੋਈ ਸੀ। ਘਟਨਾ ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਵਾਪਰੀ। ਮ੍ਰਿਤਕ ਦੇ ਸਿਰ, ਮੂੰਹ ਅਤੇ ਹੋਰ ਥਾਵਾਂ ਉੱਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਮ੍ਰਿਤਕ ਰਾਜੂ ਪੁੱਤਰ ਨਰੇਸ਼ ਵਾਸੀ ਪਿੰਡ ਕੁੜਸੀ, ਥਾਣਾ ਸਦਨਾ, ਜ਼ਿਲ੍ਹਾ ਸੀਤਾਪੁਰ(ਉੱਤਰ ਪ੍ਰਦੇਸ਼) ਦਾ ਵਸਨੀਕ ਸੀ। ਉਹ ਸਫ਼ਾਈ ਦਾ ਕੰਮ ਕਰਦਾ ਸੀ ਤੇ ਬੂਥ ਮਾਰਕੀਟ ਵਿਖੇ ਹੀ ਸੌਂ ਜਾਂਦਾ ਸੀ।
ਮਟੌਰ ਥਾਣੇ ਦੀ ਪੁਲੀਸ ਨੂੰ ਮ੍ਰਿਤਕ ਦੇ ਸਹੁਰੇ ਸ੍ਰੀ ਰਾਮ ਵੱਲੋਂ ਇਸ ਸਬੰਧੀ ਸੂਚਨਾ ਦਿੱਤੀ ਗਈ ਸੀ, ਕਿ ਉਸ ਦੇ ਜਵਾਈ ਦੀ ਲਾਸ਼ ਪਾਰਕ ਵਿਚ ਬਣੀ ਝੌਪੜੀ ਵਿਚ ਪਈ ਹੈ। ਮਾਮਲੇ ਦਾ ਪਤਾ ਲੱਗਦਿਆਂ ਹੀ ਥਾਣਾ ਬਨੂੜ ਦੇ ਐੱਸ ਐੱਚ ਓ ਇੰਸਪੈਕਟਰ ਅਮਨਦੀਪ ਕੰਬੋਜ ਤੁਰੰਤ ਪੁਲੀਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਖ਼ੂਨ ਨਾਲ ਲੱਥ ਪੱਥ ਹੋਈ ਰਾਜੂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੁਹਾਲੀ ਦੇ ਫੇਜ਼ ਛੇ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਖੇ ਰਖਵਾਇਆ, ਜਿੱਥੇ ਐਤਵਾਰ ਨੂੰ ਉਸ ਦਾ ਪੋਸਟਮਾਰਟਮ ਹੋਵੇਗਾ।
ਥਾਣਾ ਮੁਖੀ ਅਮਨਦੀਪ ਕੰਬੋਜ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਸਬੰਧੀ ਤੁਰੰਤ ਜਾਂਚ ਆਰੰਭੀ ਅਤੇ ਪਤਾ ਲੱਗਾ ਕਿ ਮ੍ਰਿਤਕ ਰਾਤ ਸਮੇਂ ਆਪਣੇ ਇੱਕ ਦੋਸਤ ਨਾਲ ਪਾਰਕ ਵਿਚ ਸ਼ਰਾਬ ਪੀ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਮ੍ਰਿਤਕ ਦੇ ਦੋਸਤ ਅਰਜੁਨ ਨੂੰ ਜਿਹੜਾ ਕਿ ਯੂ ਪੀ ਦਾ ਹੀ ਵਸਨੀਕ ਹੈ ਨੂੰ ਗ੍ਰਿਫ਼ਤਾਰ ਕਰਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ ਤਾਂ ਕਾਤਲ ਨੇ ਆਪਣਾ ਜ਼ੁਰਮ ਸਵੀਕਾਰ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਦੋਵੇਂ ਪਾਰਕ ਦੇ ਸੈੱਡ ਵਿਚ ਸ਼ਰਾਬ ਪੀ ਰਹੇ ਸਨ। ਕਿਸੇ ਗੱਲੋਂ ਦੋਹਾਂ ਦਰਮਿਆਨ ਬਹਿਸ ਹੋ ਗਈ ਤਾਂ ਅਰਜੁਨ ਨੇ ਰਾਜੂ ਉੱਤੇ ਇੱਟ ਨਾਲ ਵਾਰ ਕੀਤਾ ਅਤੇ ਉਸ ਦੇ ਸਿਰ ਤੇ ਹੋਰਨਾਂ ਥਾਵਾਂ ਤੇ ਇੱਟ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਕਾਤਲ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

