ਦੇਸ਼ ਨੂੰ 6 ਦਹਾਕਿਆਂ ਤੋਂ ਕਈ ਜੰਗਾਂ ਵਿੱਚ ਵੱਡੀਆਂ ਜਿੱਤਾਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੜਾਕੂ ਜਹਾਜ਼ ਮਿੱਗ-21 ਨੂੰ 26 ਸਤੰਬਰ ਨੂੰ ਭਾਰਤੀ ਹਵਾਈ ਸੈਨਾ ’ਚੋਂ ਵਿਦਾਇਗੀ ਦਿੱਤੀ ਜਾਵੇਗੀ। ਮਿੱਗ-21 ਚੰਡੀਗੜ੍ਹ ਏਅਰਫੋਰਸ ਸਟੇਸ਼ਨ ਤੋਂ 26 ਸਤੰਬਰ ਨੂੰ ਆਖਰੀ ਉਡਾਣ ਭਰੇਗਾ। ਇਸ ਸਬੰਧੀ ਅੱਜ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ’ਤੇ ਰਿਹਰਸਲ ਕੀਤੀ ਗਈ, ਜਿਸ ਵਿੱਚ ਮਿੱਗ-21 ਨੂੰ ਵਾਟਰ ਕੈਨਨ ਸਲਾਮੀ ਦਿੱਤੀ ਗਈ। ਇਸ ਦੌਰਾਨ ਅਸਮਾਨ ਵਿੱਚ ਸੂਰਿਆ ਕਿਰਨ ਐਰੋਬੇਟਿਕ ਟੀਮ ਅਤੇ ਆਕਾਸ਼ ਗੰਗਾ ਸਕਾਈ ਡਾਈਵਰਜ਼ ਨੇ ਕਰਤਬ ਦਿਖਾਏ।ਮਿੱਗ-21 ਦੇ ਵਿਦਾਇਗੀ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਏਅਰ ਚੀਫ ਮਾਰਸ਼ਲ ਏ ਪੀ ਸਿੰਘ ਅਤੇ ਜਲ ਸੈਨਾ ਮੁਖੀ ਦਿਨੇਸ਼ ਕੁਮਾਰ ਤ੍ਰਿਪਾਠੀ ਵੀ ਮੌਜੂਦ ਰਹਿਣਗੇ। ਚਰਚਾ ਹੈ ਕਿ ਏਅਰ ਚੀਫ ਮਾਰਸ਼ਲ ਏ ਪੀ ਸਿੰਘ ਮਿੱਗ-21 ਨੂੰ ਆਖਰੀ ਵਾਰ ਉਡਾਣਗੇ। ਹਾਲਾਂਕਿ ਇਸ ਬਾਰੇ ਹਾਲੇ ਆਖਰੀ ਫੈਸਲਾ ਨਹੀਂ ਲਿਆ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਸਾਲ 1963 ਵਿੱਚ ਜਦੋਂ ਮਿੱਗ-21 ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਇਸ ਨੇ ਸਭ ਤੋਂ ਪਹਿਲੀ ਉਡਾਣ ਵੀ ਚੰਡੀਗੜ੍ਹ ਏਅਰਫੋਰਸ ਸਟੇਸ਼ਨ ਤੋਂ ਹੀ ਭਰੀ ਸੀ। ਉਸੇ ਏਅਰਫੋਰਸ ਸਟੇਸ਼ਨ ਤੋਂ ਮਿੱਗ-21 ਆਪਣੀ ਆਖਰੀ ਉਡਾਣ ਭਰੇਗਾ। ਸਾਲ 1965 ਦੀ ਜੰਗ ਵਿੱਚ ਮਿੱਗ-21 ਨੇ ਪਾਕਿਸਤਾਨ ਦੇ ਐੱਫ 104 ਸਟਾਰ ਫਾਈਟਰ ਨੂੰ ਨਸ਼ਟ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਮਿੱਗ-21 ਨੇ ਪਾਕਿਸਤਾਨੀ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ ਸੀ। 1999 ਦੇ ਕਾਰਗਿੱਲ ਯੁੱਧ ਵਿੱਚ ਵੀ ਮਿੱਗ-21 ਨੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ।