ਆਤਿਸ਼ ਗੁਪਤਾ
ਚੰਡੀਗੜ੍ਹ, 6 ਅਕਤੂਬਰ
ਟਰਾਈਸਿਟੀ ਵਿੱਚ ਅੱਜ ਸਵੇਰ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ। ਮੀਂਹ ਕਰਕੇ ਟਰਾਈਸਿਟੀ ਦਾ ਤਾਪਮਾਨ ਡਿੱਗ ਗਿਆ ਹੈ। ਅੱਜ ਟਰਾਈਸਿਟੀ ਦਾ ਤਾਪਮਾਨ ਮੌਨਸੂਨ ਦੀ ਵਾਪਸੀ ਤੋਂ ਬਾਅਦ ਸਭ ਤੋਂ ਘੱਟ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਸਵੇਰ ਤੋਂ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਮੀਂਹ ਪਿਆ ਜੋ ਦੁਪਹਿਰੇ 3 ਵਜੇ ਤੱਕ ਪੈਂਦਾ ਰਿਹਾ। ਮੀਂਹ ਕਰਕੇ ਸ਼ਹਿਰ ਦੀਆਂ ਕਈ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 7 ਅਕਤੂਬਰ ਨੂੰ ਵੀ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਸ਼ਹਿਰ ਵਿੱਚ ਦਿਨ ਸਮੇਂ ਦਾ ਤਾਪਮਾਨ ਚਾਰ ਸਾਲਾਂ ਵਿੱਚ ਸਭ ਤੋਂ ਘੱਟ ਦਰਜ ਕੀਤਾ ਗਿਆ। ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 24.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 7.8 ਡਿਗਰੀ ਸੈਲਸੀਅਸ ਘੱਟ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ 25 ਅਕਤੂਬਰ 2021 ਨੂੰ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਸੀ, ਉਸ ਸਮੇਂ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 19.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਅੱਜ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 22.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 1.3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਦਿਨ ਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਦੋ ਡਿਗਰੀ ਸੈਲਸੀਅਸ ਦਾ ਫਰਕ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਮੁਹਾਲੀ ਵਿੱਚ ਵੱਧ ਤੋਂ ਵੱਧ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਮੁਹਾਲੀ ਵਿੱਚ ਘੱਟ ਤੋਂ ਘੱਟ ਤਾਪਮਾਨ 23.1 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਪੰਚਕੂਲਾ ਦੇ ਕਈ ਸੈਕਟਰਾਂ ’ਚ ਪਾਣੀ ਭਰਿਆ
ਪੰਚਕੂਲਾ (ਪੀ.ਪੀ.ਵਰਮਾ): ਇੱਥੇ ਦੁਪਹਿਰ ਤੇਜ਼ ਹਵਾਵਾਂ ਤੋਂ ਬਾਅਦ ਤਿੰਨ ਘੰਟੇ ਮੀਂਹ ਪਿਆ। ਇਸ ਦੌਰਾਨ ਬਰਸਾਤ ਕਾਰਨ ਚੌਕਾਂ ਉੱਤੇ ਪਾਣੀ ਖੜ੍ਹ ਗਿਆ ਜਿਸ ਕਾਰਨ ਭਾਰੀ ਅਤੇ ਹਲਕੇ ਵਾਹਨ ਪਾਣੀ ਵਿੱਚ ਫਸ ਗਏ। ਪੁਰਾਣਾ ਪੰਚਕੂਲਾ ਵਿੱਚ ਵੀ ਕਈ ਥਾਵਾਂ ’ਤੇ ਸੜਕਾਂ ’ਤੇ ਦਰਖਤ ਡਿੱਗ ਪਏ। ਅਜਿਹਾ ਹੀ ਹਾਲ ਪੰਚਕੂਲਾ ਦੇ ਬਰਵਾਲਾ ਦੀਆਂ ਸੜਕਾਂ ’ਤੇ ਹੋਇਆ। ਸੈਕਟਰ 20 ਦੀ ਹਾਊਸਿੰਗ ਸੁਸਾਇਟੀਆਂ 105-106 ਦੇ ਬਾਹਰ ਪਾਣੀ ਜਮ੍ਹਾਂ ਹੋ ਗਿਆ। ਇਸ ਕਾਰਨ ਸੁਸਾਇਟੀਆਂ ਦੀਆਂ ਲਿਫਟਾਂ ਵਿੱਚ ਵੀ ਪਾਣੀ ਚਲਾ ਗਿਆ ਜਿਸ ਕਾਰਨ ਲਿਫਟਾਂ ਬੰਦ ਹੋ ਗਈਆਂ। ਮਨੀਮਾਜਰਾ ਤੋਂ ਆ ਰਿਹਾ ਬਰਸਾਤੀ ਨਾਲਾ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰਿਆ ਰਿਹਾ। ਲੋਕਾਂ ਨੂੰ ਬਰਸਾਤ ਕਾਰਨ ਇਹ ਵੀ ਡਰ ਲੱਗਿਆ ਕਿ ਕਿਤੇ ਹੁਣ ਦੁਬਾਰਾ ਹੜ੍ਹ ਨਾ ਆ ਜਾਣ। ਦੂਜੇ ਪਾਸੇ ਬਰਸਾਤ ਕਾਰਨ ਦੁਪਹਿਰ ਦੌਰਾਨ ਸਕੂਲੀ ਬੱਚਿਆਂ ਨੂੰ ਵੱਡੀ ਸਮੱਸਿਆ ਪੇਸ਼ ਆਈ ਕਿਉਂਕਿ ਬਰਸਾਤ ਕਾਰਨ ਸਕੂਲਾਂ ਦੀਆਂ ਬੱਸਾਂ ਬਰਸਾਤ ਕਾਰਨ ਛੁੱਟੀ ਦੇ ਬਾਅਦ ਲੇਟ ਹੋ ਗਈਆਂ। ਬੱਚਿਆਂ ਦੇ ਮਾਪੇ ਬਰਸਾਤ ਵਿੱਚ ਘਰਾਂ ਦੇ ਬਾਹਰ ਸਕੂਲੀ ਬੱਸਾਂ ਦਾ ਇੰਤਜ਼ਾਰ ਕਰਦੇ ਰਹੇ। ਸੈਕਟਰ 19 ਹਾਊਸਿੰਗ ਬੋਰਡ ਦੇ ਮਕਾਨਾਂ ਵਿੱਚ ਵੀ ਬਰਸਾਤੀ ਪਾਣੀ ਆ ਗਿਆ ਕਿਉਂਕਿ ਸੀਵਰੇਜ ਓਵਰਫਲੋ ਹੋਣ ਕਾਰਨ ਅਜਿਹਾ ਹੋਇਆ। ਬਰਸਾਤ ਕਾਰਨ ਅੱਜ ਵੱਖ ਵੱਖ ਸੈਕਟਰਾਂ ਦੀਆਂ ਮਾਰਕੀਟਾਂ ਵਿੱਚ ਰੇੜੀਆਂ ਫੜ੍ਹੀਆਂ ਨਹੀਂ ਲੱਗੀਆਂ ਜਦ ਕਿ ਦੀਵਾਲੀ ਦਾ ਤਿਓਹਾਰ ਹੋਣ ਕਾਰਨ ਮਾਰਕੀਟਾਂ ਵਿਚ ਭੀੜ ਰਹਿੰਦੀ ਸੀ।