ਪੰਜਾਬ ਵਿੱਚ Mercury ਆਧਾਰਿਤ ਮੈਡੀਕਲ ਉਪਕਰਣਾਂ ’ਤੇ ਪਾਬੰਦੀ !
ਸਾਰੇ ਹਸਪਤਾਲਾਂ ਨੂੰ ਹੁਣ ਡਿਜੀਟਲ ਉਪਕਰਣਾਂ ਦੀ ਵਰਤੋਂ ਕਰਨ ਦੇ ਨਿਰਦੇਸ਼
ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (PHSC) ਨੇ ਇੱਕ ਜਨਤਕ ਸਿਹਤ ਨਿਰਦੇਸ਼ ਜਾਰੀ ਕੀਤਾ ਹੈ, ਜਿਸ ਵਿੱਚ ਸੂਬੇ ਦੀਆਂ ਸਾਰੀਆਂ ਸਰਕਾਰੀ ਅਤੇ ਨਿੱਜੀ ਸਿਹਤ ਸੰਭਾਲ ਸਹੂਲਤਾਂ ਵਿੱਚ Mercury ਅਧਾਰਿਤ ਸਾਰੇ ਮੈਡੀਕਲ ਉਪਕਰਣਾਂ ਦੀ ਤੁਰੰਤ ਅਤੇ ਮੁਕੰਮਲ ਵਰਤੋਂ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ।
ਇਸ ਹੁਕਮ ਵਿੱਚ ਮੈਡੀਕਲ ਕਾਲਜਾਂ, ਜ਼ਿਲ੍ਹਾ ਹਸਪਤਾਲਾਂ, CHC, PHC, ਸਬ-ਸੈਂਟਰਾਂ, ESI ਹਸਪਤਾਲਾਂ, ਅਤੇ NGO-ਸੰਚਾਲਿਤ ਕਲੀਨਿਕਾਂ ਵਿੱਚ ਪਾਰਾ ਥਰਮਾਮੀਟਰ (Mercury Thermometers), ਪਾਰਾ ਸਫਾਈਗਮੋਮੈਨੋਮੀਟਰ (Sphygmomanometers , BP ਮਾਪਣ ਵਾਲੇ ਯੰਤਰ) ਅਤੇ ਡੈਂਟਲ ਐਮਲਗਮ (Dental Amalgam) (ਦੰਦਾਂ ਨੂੰ ਭਰਨ ਲਈ ਵਰਤਿਆ ਜਾਂਦਾ ਪਾਰਾ ਮਿਸ਼ਰਣ) ਉਪਕਰਣਾਂ ਦੀ ਖਰੀਦ ਅਤੇ ਵਰਤੋਂ ’ਤੇ ਪਾਬੰਦੀ ਲਗਾਈ ਗਈ ਹੈ।
PHSC ਦੇ ਨਿਰਦੇਸ਼ਾਂ ਅਨੁਸਾਰ, ਭਵਿੱਖ ਵਿੱਚ ਸਾਰੇ ਮੈਡੀਕਲ ਕਾਰਜਾਂ ਲਈ ਡਿਜੀਟਲ ਥਰਮਾਮੀਟਰ, ਐਨਰੋਇਡ BP ਉਪਕਰਣ ਵਰਤਣ ਦੇ ਨਿਰਦੇਸ਼ ਦਿੱਤੇ ਹਨ।
ਸਾਰੇ ਹਸਪਤਾਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਬਚੇ ਹੋਏ ਉਪਕਰਣਾਂ ਦੀ ਪੂਰੀ ਸੂਚੀ 30 ਦਿਨਾਂ ਦੇ ਅੰਦਰ PHSC ਨੂੰ ਜਮ੍ਹਾ ਕਰਵਾਉਣ। ਅੰਤਿਮ ਨਿਪਟਾਰੇ ਤੱਕ ਹਰ ਮੌਜੂਦਾ ਪਾਰੇ ਵਾਲੀ ਚੀਜ਼ ’ਤੇ ਖ਼ਤਰਨਾਕ ਦਾ ਲੇਬਲ ਲਗਾਉਣਾ ਜ਼ਰੂਰੀ ਹੈ।
ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਹਸਪਤਾਲ ਜਾਂ ਕਲੀਨਿਕ ਵਿਰੁੱਧ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਨਿਯਮ, 2016 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਚੇ ਹੋਏ ਪਾਰੇ ਦੀ ਰਹਿੰਦ-ਖੂੰਹਦ ਦੇ ਸੁਰੱਖਿਅਤ ਨਿਪਟਾਰੇ ਲਈ ਮੈਸਰਜ਼ ਰਾਮਕੀ ਐਨਵਾਇਰੋ ਇੰਜੀਨੀਅਰਜ਼ ਲਿਮਟਿਡ, ਨਿੰਬੂਆ (ਮੋਹਾਲੀ) ਨੂੰ ਅਧਿਕਾਰਤ ਕੇਂਦਰ ਨਿਯੁਕਤ ਕੀਤਾ ਗਿਆ ਹੈ।
ਦੱਸ ਦਈਏ ਕਿ ਇਹ ਫ਼ੈਸਲਾ ਪਾਰੇ (mercury) ਤੋਂ ਪੈਦਾ ਹੋਣ ਵਾਲੇ ਗੰਭੀਰ ਸਿਹਤ ਅਤੇ ਵਾਤਾਵਰਨ ਦੇ ਖਤਰਿਆਂ ਕਾਰਨ ਲਿਆ ਗਿਆ ਹੈ। ਪੰਜਾਬ ਹੁਣ ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਦਿੱਲੀ ਵਰਗੇ ਸੂਬਿਆਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਪਹਿਲਾਂ ਹੀ ਪਾਰੇ-ਮੁਕਤ ਬਦਲਾਂ ਨੂੰ ਅਪਣਾ ਲਿਆ ਹੈ।

