Meghalaya honeymoon horror ਵਰਗੀ ਘਟਨਾ: ਇੰਸਟਾ ਪ੍ਰੇਮੀ ਤੇ ਭਾੜੇ ਦੇ ਕਾਤਲਾਂ ਤੋਂ ਕਰਵਾਇਆ ਪਤੀ ਦਾ ਕਤਲ
ਮ੍ਰਿਤਕ ਦਾ 9 ਸਾਲਾ ਪੁੱਤ ਬਣਿਆ ਵਾਰਦਾਤ ਦਾ ਚਸ਼ਮਦੀਦ ਗਵਾਹ; ਬੱਚੇ ਵੱਲੋਂ ਦਿੱਤੀ ਜਾਣਕਾਰੀ ਤੋਂ ਬਾਅਦ ਪਤਨੀ ਤੇ ਪ੍ਰੇਮੀ ਸਣੇ ਤਿੰਨ ਗ੍ਰਿਫ਼ਤਾਰ; ਪ੍ਰੇਮੀ ਵੱਲੋਂ ਭਾੜੇ ’ਤੇ ਲਿਆਂਦੇ ਤਿੰਨ ਹੋਰ ਕਾਤਲਾਂ ਜੀ ਭਾਲ ਜਾਰੀ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 18 ਜੂਨ
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਘਟਨਾ ਵਿੱਚ ਦੌਰਾਨ ਇੱਕ ਔਰਤ ਨੇ ਕਥਿਤ ਤੌਰ 'ਤੇ ਆਪਣੇ ਪ੍ਰੇਮੀ ਅਤੇ ਚਾਰ ਹੋਰਾਂ ਨਾਲ ਮਿਲ ਕੇ ਆਪਣੇ ਪਤੀ ਦਾ ਸਾਜ਼ਿਸ਼ ਤਹਿਤ ਕਤਲ ਕਰਵਾ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਤਨੀ ਅਨੀਤਾ ਦੀ ਮੁੱਖ ਮੁਲਜ਼ਮ ਕਾਸ਼ੀ ਨਾਲ Instagram ਰਾਹੀਂ ਮੁਲਾਕਾਤ ਹੋਈ ਸੀ।
ਇਹ ਅਪਰਾਧ ਇਸ ਕਾਰਨ ਸਾਹਮਣੇ ਆਇਆ ਕਿਉਂਕਿ ਮ੍ਰਿਤਕ ਵੀਰੂ ਜਾਟਵ ਦੇ ਨੌਂ ਸਾਲ ਦੇ ਪੁੱਤਰ ਨੇ ਕਤਲ ਹੁੰਦਾ ਦੇਖ ਲਿਆ ਸੀ ਅਤੇ ਉਸ ਨੇ ਪੁਲੀਸ ਨੂੰ ਸਾਰਾ ਕੁਝ ਦੱਸ ਦਿੱਤਾ। ਪੀੜਤ ਵੀਰੂ ਜਾਟਵ, ਦੀ 7 ਜੂਨ ਦੀ ਰਾਤ ਨੂੰ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਵਾਰਦਾਤ ਨੂੰ ਉਸ ਦੀ ਪਤਨੀ ਅਨੀਤਾ, ਉਸ ਦੇ ਪ੍ਰੇਮੀ ਕਾਸ਼ੀ ਅਤੇ ਚਾਰ ਭਾੜੇ ਦੇ ਕਾਤਲਾਂ ਨੇ ਮਿਲ ਕੇ ਅੰਜਾਮ ਦਿੱਤਾ। ਅਨੀਤਾ ਨੇ ਕਾਤਲਾਂ ਨੂੰ ਘਰੇ ਆਉਣ ਦੇਣ ਲਈ ਘਰ ਦਾ ਬੂਹਾ ਖੋਲ੍ਹਿਆ ਅਤੇ ਜਦੋਂ ਉਸ ਦੇ ਪਤੀ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਤਾਂ ਉਹ ਚੁੱਪਚਾਪ ਖੜ੍ਹੀ ਦੇਖਦੀ ਰਹੀ।
ਸ਼ੁਰੂ ਵਿੱਚ ਵੀਰੂ ਨੂੰ ਦਿਲ ਦਾ ਦੌਰਾ ਪੈਣ ਦੀ ਰਿਪੋਰਟ ਕੀਤੀ ਗਈ ਸੀ, ਪਰ ਮੁੰਡੇ ਦੇ ਬਿਆਨ ਅਤੇ ਸੀਸੀਟੀਵੀ ਫੁਟੇਜ ਰਾਹੀਂ ਇਸ ਘਿਨਾਉਣੀ ਸਾਜ਼ਿਸ਼ ਦੀ ਸੱਚਾਈ ਸਾਹਮਣੇ ਆਈ। ਡੀਐਸਪੀ ਕੈਲਾਸ਼ ਚੰਦ ਨੇ ਕਿਹਾ: "ਕਾਸ਼ੀ ਨੇ ਕਥਿਤ ਤੌਰ 'ਤੇ ਕਾਤਲਾਂ ਨੂੰ 2 ਲੱਖ ਰੁਪਏ ਦਿੱਤੇ ਸਨ। ਅਨੀਤਾ ਅਤੇ ਕਾਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਤਿੰਨ ਮੁਲਜ਼ਮ ਅਜੇ ਵੀ ਫਰਾਰ ਹਨ।"
ਇਹ ਅਪਰਾਧ ਇੰਦੌਰ (ਮੱਧ ਪ੍ਰਦੇਸ਼) ਦੇ ਰਾਜਾ ਰਘੂਵੰਸ਼ੀ ਦੇ ਉਸ ਦੀ ਪਤਨੀ ਸੋਨਮ ਵੱਲੋਂ ਆਪਣੇ ਪ੍ਰੇਮੀ ਅਤੇ ਤਿੰਨ ਹੋਰਾਂ ਤੋਂ ਬੀਤੀ 23 ਮਈ ਨੂੰ ਮੇਘਾਲਿਆ ਵਿੱਚ ਹਨੀਮੂਨ 'ਤੇ ਗਏ ਹੋਣ ਸਮੇਂ ਕਰਵਾਏ ਗਏ ਭਿਆਨਕ ਕਤਲ ਦੀ ਯਾਦ ਦਿਵਾਉਂਦਾ ਹੈ। ਰਘੂਵੰਸ਼ੀ ਦੀ ਗਲੀ-ਸੜੀ ਲਾਸ਼ 2 ਜੂਨ ਨੂੰ ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਸੋਹਰਾ ਖੇਤਰ (ਜਿਸਨੂੰ ਚੀਰਾਪੂੰਜੀ ਵੀ ਕਿਹਾ ਜਾਂਦਾ ਹੈ) ਵਿੱਚ ਇੱਕ ਝਰਨੇ ਦੇ ਨੇੜੇ ਇੱਕ ਡੂੰਘੀ ਖੱਡ ਵਿੱਚੋਂ ਮਿਲੀ ਸੀ।