ਕਾਰੋਬਾਰੀਆਂ ਦੇ ਮਸਲਿਆਂ ਸਬੰਧੀ ਹੋਈ ਸੀ ਸਿਰਸਾ ਨਾਲ ਮੁਲਾਕਾਤ: ਚੰਦੂਮਾਜਰਾ
ਸਾਬਕਾ ਸੰਸਦ ਮੈਂਬਰ ਨੇ ਦਿੱਲੀ ਦੇ ਮੰਤਰੀ ਨਾਲ ਮੁਲਾਕਾਤ ਸਬੰਧੀ ਚਰਚਾਵਾਂ ਨੂੰ ਬੇਬੁਨਿਆਦ ਦੱਸਿਆ
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਾਲ ਹੀ ਵਿੱਚ ਦਿੱਲੀ ਦੇ ਉਦਯੋਗ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਹੋਈ ਆਪਣੀ ਮੁਲਾਕਾਤ ਸਬੰਧੀ ਚੱਲ ਰਹੀਆਂ ਰਾਜਸੀ ਚਰਚਾਵਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਚੰਦੂਮਾਜਰਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਮੁਲਾਕਾਤ ਕਿਸੇ ਵੀ ਰਾਜਸੀ ਮਨਸੂਬੇ ਤਹਿਤ ਨਹੀਂ ਹੋਈ ਸੀ, ਨਾ ਹੀ ਇਸ ਨੂੰ ਕਿਸੇ ਨਵੇਂ ਰਾਜਨੀਤਿਕ ਗੱਠਜੋੜ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ ਨਾਲ ਜੁੜੇ ਕੁਝ ਸਨਅਤਕਾਰਾਂ ਦੇ ਇੱਕ ਵਫ਼ਦ ਦੇ ਹਿੱਸੇ ਵਜੋਂ ਸਿਰਸਾ ਨੂੰ ਮਿਲਣ ਗਏ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਤੇ ਦਿੱਲੀ ਵਿੱਚ ਛੋਟੇ ਉਦਯੋਗਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੁਲਾਕਾਤ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਹੋਈ ਸੀ। ਉਦਯੋਗਪਤੀਆਂ ਨੇ ਉਮੀਦ ਜਤਾਈ ਸੀ ਕਿ ਜੇਕਰ ਮਨਜਿੰਦਰ ਸਿੰਘ ਸਿਰਸਾ ਕੋਲ ਮਸਲੇ ਰੱਖੇ ਜਾਣ ਤਾਂ ਕੋਈ ਹੱਲ ਨਿਕਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਇਹ ਦੋਸ਼ ਬੇਬੁਨਿਆਦ ਹਨ ਕਿ ਉਹ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਪਾਰ ਤੇ ਉਦਯੋਗ ਕਿਸੇ ਵੀ ਇਲਾਕੇ ਦੀ ਆਰਥਿਕ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਇਨ੍ਹਾਂ ਦੀ ਰੱਖਿਆ ਕਰਨੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਸਾਰਿਆਂ ਨੂੰ ਸਿਆਸਤ ਤੋਂ ਉਪਰ ਉਠ ਕੇ ਸਮਾਜ ਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।