14 ਸਾਲ ਤੋਂ ਬੰਦ ਸੜਕ ਬਾਰੇ ਹਾਈ ਕੋਰਟ ਦੇ ਦਖ਼ਲ ਮਗਰੋਂ ਮੀਟਿੰਗ
ਮੁਹਾਲੀ ਦੇ ਨਵੇਂ ਬੱਸ ਸਟੈਂਡ ਨੇੜਿਓਂ ਲੰਘਦੀ ਆਵਜਾਈ ਲਈ ਬੰਦ ਕੀਤੀ ਸੜਕ ਨੂੰ ਆਵਾਜਾਈ ਲਈ ਖੋਲ੍ਹਣ ਬਾਰੇ ਹਾਈ ਕੋਰਟ ਵੱਲੋਂ ਸਾਰੀਆਂ ਧਿਰਾਂ ਨੂੰ ਆਪਸੀ ਸਹਿਮਤੀ ਬਣਾਉਣ ਦੇ ਆਦੇਸ਼ ਮਗਰੋਂ ਅੱਜ ਇਸ ਸਬੰਧੀ ਗਮਾਡਾ ਵਿੱਚ ਮੀਟਿੰਗ ਹੋਈ। ਇਸ ਮੌਕੇ ਪਟੀਸ਼ਨ ਕਰਤਾ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਬੱਸ ਸਟੈਂਡ ਚਲਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ ਤੋਂ ਇਲਾਵਾ ਨਗਰ ਨਿਗਮ ਅਤੇ ਗਮਾਡਾ ਦੇ ਅਧਿਕਾਰੀ ਮੌਜੂਦ ਸਨ। ਮੀਟਿੰਗ ਵਿਚ ਸਾਰੇ ਪੱਖ ਵਿਚਾਰੇ ਗਏ। ਕੰਪਨੀ ਦੇ ਨੁਮਾਇੰਦਿਆਂ ਨੇ ਸੜਕ ਬਣਾਉਣ ਲਈ ਗਮਾਡਾ ਤੋਂ ਮਨਜ਼ੂਰੀ ਅਤੇ ਹੋਰ ਸਹੂਲਤਾਂ ਦੀ ਮੰਗ ਕੀਤੀ। ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਸਾਰੇ ਅਧਿਕਾਰੀ ਮੌਕੇ ’ਤੇ ਜਾ ਕੇ ਸਾਰੀ ਸਥਿਤੀ ਦਾ ਮੁਲਾਂਕਣ ਕਰਨ ਮਗਰੋਂ ਢੁਕਵਾਂ ਹੱਲ ਕੱਢਣਗੇ ਅਤੇ ਇਸ ਸਬੰਧੀ ਅਦਾਲਤ ਨੂੰ ਵੀ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ਮਗਰੋਂ 14 ਸਾਲਾਂ ਤੋਂ ਬੰਦ ਪਈ ਇਸ ਸੜਕ ਦੇ ਚਾਲੂ ਹੋਣ ਦੀ ਉਮੀਦ ਜਾਗੀ ਹੈ। ਉਨ੍ਹਾਂ ਗਮਾਡਾ ਦੇ ਮੁੱਖ ਪ੍ਰਸਾਸ਼ਕ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।