ਹੜ੍ਹ ਪੀੜਤਾਂ ਲਈ ‘ਮੈਡੀਕਲ ਆਸਰਾ ਕਲੀਨਿਕ’ ਭੇਜਿਆ
ਸ਼ਹਿਰ ਦੀ ਹੱਦ ਅੰਦਰ ਪਡਿਆਲਾ ਵਿੱਚ ਮੰਦਬੁੱਧੀ, ਲਾਵਾਰਿਸ ਤੇ ਅਪਾਹਿਜਾਂ ਦੀ ਸੇਵਾ ਸੰਭਾਲ ਕਰ ਰਹੀ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਨੇ ਹੜ੍ਹ ਪੀੜਤਾਂ ਦੀਆਂ ਲੋੜਾਂ ਨੂੰ ਦੇਖਦਿਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ। ਸੰਸਥਾ ਵਲੋਂ ਸਿਹਤ ਸਹੂਲਤਾਂ ਨਾਲ ਲੈੱਸ ਮੈਡੀਕਲ ਕਲੀਨਿਕ ਬੱਸ ਅਤੇ ਸਿਹਤ ਕਾਮਿਆਂ ਦੀ ਟੀਮ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੀ।
ਹੜ੍ਹਾਂ ਦੀ ਸਥਿਤੀ ਬਣਨ ਦੇ ਪਹਿਲੇ ਹੀ ਦਿਨ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਲਈ ਰੈਸਕਿਊ ਅਪਰੇਸ਼ਨ ਚਲਾਉਣ ਉਪਰੰਤ ਪ੍ਰਭ ਆਸਰਾ ਸੰਸਥਾ ਨੇ ਹੁਣ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਦਾ ਉਪਰਾਲਾ ਕੀਤਾ ਹੈ। ਇਸ ਮੰਤਵ ਲਈ ਸੰਸਥਾ ਦੀ ‘ਮੈਡੀਕਲ ਆਸਰਾ ਕਲੀਨਿਕ’ ਬੱਸ ਅੱਜ ਪਡਿਆਲਾ ਤੋਂ ਰਵਾਨਾ ਕੀਤੀ ਗਈ। ਮੈਡੀਕਲ ਬੱਸ ਨੂੰ ਰਵਾਨਾ ਕਰਦਿਆਂ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਗਿਆ ਕਿ ਸੰਸਥਾ ਦੀਆਂ ਵੱਖ ਵੱਖ ਟੀਮਾਂ ਵੱਲੋਂ ਪਿਛਲੇ 22 ਕੁ ਦਿਨਾਂ ਤੋਂ ਰਾਸ਼ਨ, ਮੈਡੀਕਲ ਸੁਵਿਧਾ ਅਤੇ ਪਸ਼ੂਆਂ ਲਈ ਚਾਰਾ ਆਦਿ ਸਮਾਨ ਪਹੁੰਚਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਸਥਿਤੀ ਕੁਝ ਸਭਲਣਤੋਂ ਬਾਅਦ ਹੁਣ ਹੋਰ ਵੀ ਗੰਭੀਰ ਸਮੱਸਿਆਵਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਨੂੰ ਮੁੱਖ ਰੱਖ ਕੇ ਹੀ ਸੰਸਥਾ ਵੱਲੋਂ ਮੈਡੀਕਲ ਸੁਵਿਧਾਵਾਂ ਨਾਲ ਲੈਸ ਇੱਕ ਮੋਬਾਈਲ ਮੈਡੀਕਲ ਬੱਸ ਤਿਆਰ ਕਰਵਾਈ ਗਈ ਹੈ,ਜਿਸ ਵਿੱਚ ਹਰ ਕਿਸਮ ਦੇ ਟੈਸਟ, ਦਵਾਈਆਂ, ਕਾਰਡੀਅਕ ਮਨੀਟਰ,ਈਸੀਜੀ, ਸਰਿੰਜ ਪੰਪ ਅਤੇ ਆਕਸੀਜਨ ਆਦਿ ਦੇ ਨਾਲ-ਨਾਲ ਐਮਬੂਲੈਂਸ ਗੱਡੀਆਂ ਵਾਲੇ ਖ਼ਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਮਾਹਿਰ ਡਾਕਟਰਾਂ ਦੇ ਪੈਰਾ ਮੈਡੀਕਲ ਸਟਾਫ਼ ਵੀ ਬੱਸ ਨਾਲ ਮੌਜੂਦ ਰਹੇਗਾ।