ਮੈਡੀਕਲ ਕਾਊਂਸਲ ਵੱਲੋਂ ਚਾਰ ਡਾਕਟਰਾਂ ਖ਼ਿਲਾਫ਼ ਕਾਰਵਾਈ
ਪੰਜਾਬ ਮੈਡੀਕਲ ਕਾਊਂਸਲ ਨੇ ਚਾਰ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਇਨ੍ਹਾਂ ਡਾਕਟਰਾਂ ਨੂੰ ਕੁਝ ਸਮੇਂ ਲਈ ਪ੍ਰੈਕਟਿਸ ਕਰਨ ਤੋਂ ਰੋਕ ਦਿੱਤਾ ਹੈ। ਇਨ੍ਹਾਂ ਡਾਕਟਰਾਂ ਖਿਲਾਫ਼ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਇਹ ਸੇਵਾਵਾਂ ਇਕ ਮਹੀਨੇ...
ਪੰਜਾਬ ਮੈਡੀਕਲ ਕਾਊਂਸਲ ਨੇ ਚਾਰ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਇਨ੍ਹਾਂ ਡਾਕਟਰਾਂ ਨੂੰ ਕੁਝ ਸਮੇਂ ਲਈ ਪ੍ਰੈਕਟਿਸ ਕਰਨ ਤੋਂ ਰੋਕ ਦਿੱਤਾ ਹੈ। ਇਨ੍ਹਾਂ ਡਾਕਟਰਾਂ ਖਿਲਾਫ਼ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਇਹ ਸੇਵਾਵਾਂ ਇਕ ਮਹੀਨੇ ਤੋਂ ਤਿੰਨ ਸਾਲਾਂ ਤਕ ਮੁਅੱਤਲ ਕੀਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਪੰਜਾਬ ਮੈਡੀਕਲ ਕਾਊਂਸਲ ਨੇ ਚਾਰ ਡਾਕਟਰਾਂ ਡਾ. ਅਜੈ ਰਾਣਾ, ਡਾ. ਉਮੇਸ਼ ਮਲਹੋਤਰਾ, ਡਾ. ਚੰਦਨਦੀਪ ਸਿੰਘ ਸੰਧੂ ਤੇ ਡਾ. ਹਰਪ੍ਰਿਤ ਸਿੰਘ ਖਿਲਾਫ਼ ਕਾਰਵਾਈ ਕੀਤੀ ਹੈ। ਪੰਜਾਬ ਮੈਡੀਕਲ ਕਾਊਂਸਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਪਹਿਲੇ ਡਾਕਟਰ ਖਿਲਾਫ਼ ਦਿੱਲੀ ਮੈਡੀਕਲ ਕਾਊਂਸਲ ਤੋਂ ਸੇਵਾਵਾਂ ਮੁਅੱਤਲ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਪਰ ਇਹ ਡਾਕਟਰ ਪੰਜਾਬ ਵਿਚ ਪ੍ਰੈਕਟਿਸ ਕਰ ਰਿਹਾ ਸੀ ਜਿਸ ਕਰ ਕੇ ਇਸ ਡਾਕਟਰ ਦਾ ਨਾਂ ਤਿੰਨ ਸਾਲ ਲਈ ਪੰਜਾਬ ਮੈਡੀਕਲ ਕਾਊਂਸਲ ਵਿਚੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੂਜੇ ਡਾਕਟਰ ਖਿਲਾਫ਼ ਸ਼ਿਕਾਇਤ ਮਿਲੀ ਸੀ ਕਿ ਇਸ ਡਾਕਟਰ ਕੋਲ ਐਮ.ਬੀ.ਬੀ.ਐਸ ਦੀ ਡਿਗਰੀ ਸੀ ਤੇ ਇਸ ਡਾਕਟਰ ਨੇ ਪੰਜਾਬ ਮੈਡੀਕਲ ਕਾਊਂਸਲ ਕੋਲ ਵੀ ਆਪਣੀ ਐਮਬੀਬੀਐਸ ਦੀ ਡਿਗਰੀ ਹੋਣ ਬਾਰੇ ਹੀ ਜਾਣਕਾਰੀ ਦਿੱਤੀ ਹੋਈ ਸੀ ਪਰ ਇਸ ਡਾਕਟਰ ਨੇ ਆਪਣੇ ਕੋਲ ਐਮ ਐਸ ਤੇ ਆਰਥੋਪੈਡਿਕਸ ਦੀ ਵਿਸ਼ੇਸ਼ ਡਿਗਰੀ ਹੋਣ ਦਾ ਦਾਅਵਾ ਕੀਤਾ ਸੀ ਤੇ ਇਹ ਵਿਸ਼ੇਸ਼ ਡਿਗਰੀ ਦੇ ਆਧਾਰ ’ਤੇ ਮਰੀਜ਼ਾਂ ਦਾ ਇਲਾਜ ਕਰ ਰਿਹਾ ਸੀ। ਇਸ ਡਾਕਟਰ ਨੂੰ ਇਕ ਸਾਲ ਲਈ ਡਾਕਟਰ ਵਜੋਂ ਪ੍ਰੈਕਟਿਸ ਕਰਨ ਤੋਂ ਰੋਕਿਆ ਗਿਆ ਹੈ। ਪੰਜਾਬ ਮੈਡੀਕਲ ਕਾਊਂਸਲ ਨੂੰ ਇਨ੍ਹਾਂ ਵਿਚੋਂ ਤੀਜੇ ਡਾਕਟਰ ਖਿਲਾਫ ਸ਼ਿਕਾਇਤ ਮਿਲੀ ਸੀ ਕਿ ਇਸ ਵਿਅਕਤੀ ਨੇ ਇਕ ਔਰਤ ਦੀ ਸਰਜਰੀ ਕੀਤੀ ਪਰ ਉਸ ਨੂੰ ਰਿਕਾਰਡ ਨਾ ਦਿੱਤਾ ਜਿਸ ਖਿਲਾਫ਼ ਸ਼ਿਕਾਇਤ ਮਿਲੀ ਤਾਂ ਕਾਊਂਸਲ ਨੇ ਜਾਂਚ ਕਰਨ ’ਤੇ ਪਾਇਆ ਕਿ ਇਹ ਡਾਕਟਰ ਉਸ ਵੇਲੇ ਪੰਜਾਬ ਮੈਡੀਕਲ ਕਾਊਂਸਲ ਕੋਲ ਰਜਿਸਟਰਡ ਨਹੀਂ ਹੈ। ਇਸ ਡਾਕਟਰ ਦੀਆਂ ਸੇਵਾਵਾਂ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਚੌਥੇ ਡਾਕਟਰ ਨੇ ਇਕ ਵਿਅਕਤੀ ਦੀ ਗਲਤ ਐਮਐਲਆਰ ਕੱਟ ਦਿਤੀ। ਅਧਿਕਾਰੀ ਨੇ ਦੱਸਿਆ ਕਿ ਇਸ ਡਾਕਟਰ ਦੀਆਂ ਸੇਵਾਵਾਂ ਇਕ ਮਹੀਨੇ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਜਨਰਲ ਬਾਡੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਕਾਰਵਾਈ ਹੋਈ: ਰਜਿਸਟਰਾਰ
ਪੰਜਾਬ ਮੈਡੀਕਲ ਕਾਊਂਸਲ ਦੇ ਰਜਿਸਟਰਾਰ ਰੁਪਿੰਦਰ ਕੌਰ ਬਖਸ਼ੀ ਨੇ ਦੱਸਿਆ ਕਿ ਚਾਰ ਡਾਕਟਰਾਂ ਖਿਲਾਫ਼ ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਨੂੰ ਪਹਿਲਾਂ ਐਥੀਕਲ ਕਮੇਟੀ ਵਿਚ ਵਿਚਾਰਿਆ ਗਿਆ ਤੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੈਡੀਕਲ ਕਾਊਂਸਲ ਦੀ ਜਨਰਲ ਬਾਡੀ ਮੀਟਿੰਗ ਵਿਚ ਇਨ੍ਹਾਂ ਡਾਕਟਰਾਂ ਖਿਲਾਫ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਨ੍ਹਾਂ ਡਾਕਟਰਾਂ ਨੂੰ ਸ਼ਿਕਾਇਤ ਦੇ ਆਧਾਰ ’ਤੇ ਕੁਝ ਸਮੇਂ ਲਈ ਪ੍ਰੈਕਟਿਸ ਕਰਨ ਤੋਂ ਰੋਕਿਆ ਗਿਆ ਹੈ।