ਮੈਡੀਕਲ ਕੈਪ 24 ਨੂੰ
ਮੰਡੀ ਗੋਬਿੰਦਗੜ੍ਹ: ਰਿਮਟ ਹਸਪਤਾਲ ਵਿੱਚ 24 ਜੁਲਾਈ ਨੂੰ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿਚ ਅੱਖਾਂ, ਕੰਨ, ਦਿਲ, ਹੱਡੀਆਂ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਇਸ ਤੋਂ ਬਿਨਾਂ ਖੂਨ ਦੇ ਸਾਰੇ ਟੈਸਟ ਫਰੀ ਕੀਤੇ ਜਾਣਗੇ। ਪ੍ਰਬੰਧਕਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਅਲਟਰਾਸਾਊਂਡ, ਸੀ ਟੀ ਸਕੈਨ, ਈਸੀਜੀ, ਖੂਨ ਦੀ ਜਾਂਚ, ਐਕਸਰ ਆਦਿ ਕਰਵਾਉਣ ਦੀ ਲੋੜ ਪਵੇੇ ਤਾਂ ਉਹ ਵੀ ਸਾਰੇ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਦਵਾਈਆਂ ਵੀ ਘਟ ਰੇਟ ’ਤੇ ਦਿੱਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਕੈਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ
ਕਾਮਿਆ ਨੇ ਜਿੱਤਿਆ ਸੋਨ ਤਗ਼ਮਾ
ਅੰਬਾਲਾ: ਅੰਬਾਲਾ ਦੀ ਕਾਮਿਆ ਸਿੰਘਲ ਨੇ 14 ਤੋਂ 18 ਜੁਲਾਈ ਤੱਕ ਚੰਡੀਗੜ੍ਹ ਵਿੱਚ ਹੋਏ ਸਪੈਸ਼ਲ ਓਲੰਪਿਕਸ ਇੰਡੀਆ (ਐਸਓਬੀ) ਟੇਬਲ ਟੈਨਿਸ ਨੈਸ਼ਨਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਉਸ ਨੇ ਹਰਿਆਣਾ ਟੀਮ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਸ ਨੇ 3 ਤੋਂ 10 ਜੁਲਾਈ ਤੱਕ ਗੁਰੂਗ੍ਰਾਮ ਦੇ ਦੌਲਤਾਬਾਦ ਸਟੇਡੀਅਮ ਵਿੱਚ ਵਿਸ਼ੇਸ਼ ਰਾਸ਼ਟਰੀ ਸਿਖਲਾਈ ਕੈਂਪ ਵਿੱਚ ਹਿੱਸਾ ਲੈ ਕੇ ਆਪਣੀਆਂ ਤਕਨੀਕਾਂ ਨੂੰ ਨਿਖਾਰਿਆ ਅਤੇ ਖੇਡ ਵਿੱਚ ਮੁਹਾਰਤ ਹਾਸਲ ਕੀਤੀ। ਕਾਮਿਆ ਨੇ ਸਾਲ 2024 ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਇਸ ਤਰ੍ਹਾਂ ਉਸ ਨੇ ਲਗਾਤਾਰ ਦੋ ਸਾਲਾਂ ਤੱਕ ਕੌਮੀ ਪੱਧਰ ’ਤੇ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ। ਕਾਮਿਆ ਐਸ ਡੀ ਵਿੱਦਿਆ ਸਕੂਲ ਅੰਬਾਲਾ ਕੈਂਟ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹੈ। -ਨਿੱਜੀ ਪੱਤਰ ਪ੍ਰੇਰਕ
150 ਬੂਟੇ ਵੰਡੇ
ਮੋਰਿੰਡਾ: ਭਾਰਤ ਵਿਕਾਸ ਪਰਿਸ਼ਦ ਮੋਰਿੰਡਾ ਵੱਲੋਂ ਪ੍ਰਧਾਨ ਜਗਦੀਸ਼ ਕੁਮਾਰ ਵਰਮਾ ਦੀ ਅਗਵਾਈ ਹੇਠ ਰੁੱਖ ਲਗਾਓ ਮੁਹਿੰਮ ਦੇ ਤਹਿਤ ਥਾਣਾ ਮੋਰਿੰਡਾ ਦੇ ਨੇੜੇ ਕਰਵਾਏ ਇੱਕ ਸਮਾਰੋਹ ਵਿੱਚ 150 ਮੈਡੀਕਲ ਗੁਣਾਂ ਵਾਲੇ ਬੂਟੇ ਹਾਜ਼ਰ ਲੋਕਾਂ ਨੂੰ ਵੰਡੇ ਗਏ ਅਤੇ ਥਾਣੇ ਦੇ ਅਹਾਤੇ ਵਿੱਚ ਬੂਟੇ ਲਗਾਏ ਵੀ ਗਏ। ਪਰਿਸ਼ਦ ਦੇ ਪ੍ਰੈੱਸ ਸਕੱਤਰ ਮਾਸਟਰ ਹਾਕਮ ਸਿੰਘ ਕਾਂਝਲਾ ਨੇ ਦੱਸਿਆ ਕਿ ਸਮਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਦੀਸ਼ ਕੁਮਾਰ ਵਰਮਾ ਨੇ ਕਿਹਾ ਕਿ ਰੁੱਖ ਸਾਡੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਅਤੇ ਮਨੁੱਖੀ ਜੀਵਨ ਨੂੰ ਸਿਹਤਯਾਬ ਰੱਖਣ ਲਈ ਆਕਸੀਜਨ ਪ੍ਰਦਾਨ ਕਰਦੇ ਹਨ । -ਪੱਤਰ ਪ੍ਰੇਰਕ
ਗਿਆਨੀ ਪ੍ਰਸ਼ੋਤਮ ਨੂੰ ਸ਼ਰਧਾਂਜਲੀ
ਮੁੱਲਾਂਪੁਰ ਗਰੀਬਦਾਸ: ਪੱਤਰਕਾਰ ਸਤਨਾਮ ਸਿੰਘ ਪਿੰਡ ਸਿੱਸਵਾਂ ਦੇ ਪਿਤਾ ਗਿਆਨੀ ਪ੍ਰਸ਼ੋਤਮ ਸਿੰਘ ਸਾਗੀ ਦਾ ਪਿਛਲੇ ਦਿਨੀਂ ਲੰਮੀ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਨ੍ਹਾਂ ਨਮਿਤ ਅੱਜ ਪਿੰਡ ਸਿੱਸਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਸਹਿਜ ਪਾਠ ਦਾ ਭੋਗ ਪਾਇਆ ਗਿਆ। ਇਸ ਮੌਕੇ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ। ਸਤਨਾਮ ਨੇ ਦੱਸਿਆ ਕਿ ਪਿੰਡ ਢਕੋਰਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਪ੍ਰਸ਼ੋਤਮ ਸਿੰਘ ਨਮਿੱਤ 27 ਜੁਲਾਈ ਨੂੰ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। -ਪੱਤਰ ਪ੍ਰੇਰਕ