ਮੇਅਰ ਨੇ ਮਾਰਸ਼ਲਾਂ ਰਾਹੀਂ ਬਾਹਰ ਕਢਵਾਏ ‘ਵਿਰੋਧੀ’ ਕੌਂਸਲਰ
ਸ਼ਹਿਰ ਦੀਆਂ ਖਸਤਾ ਹਾਲ ਸੜਕਾਂ, ਖਰਾਬ ਸਟਰੀਟ ਲਾਈਟਾਂ ਤੇ ਛੁੱਟੀਆਂ ’ਚ ਸਫ਼ਾਈ ਨਾ ਹੋਣ ਦੇ ਮੁੱਦੇ ਛਾਏ
ਚੰਡੀਗੜ੍ਹ ਨਗਰ ਨਿਗਮ ਦੀ ਹਾਊਸ ਮੀਟਿੰਗ ’ਚ ਭਾਰੀ ਹੰਗਾਮਾ ਹੋਇਆ। ਸ਼ੁਰੂਆਤ ਵਿੱਚ ਹੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰਾਂ ਨੇ ਦੋ ਦਿਨ ਪਹਿਲਾਂ ਕੇਂਦਰੀ ਮੰਤਰੀ ਦੀ ਆਮਦ ਮੌਕੇ ਮੁਅੱਤਲ ਕੀਤੇ ਨਿਗਮ ਦੇ ਮੁਲਾਜ਼ਮਾਂ ਦੇ ਮੁੱਦੇ ਅਤੇ ਪਿਛਲੀ ਮੀਟਿੰਗ ਵਿੱਚ ਵਿਰੋਧੀ ਧਿਰਾਂ ਦੇ ਕੌਂਸਲਰਾਂ ਨੂੰ ਬਾਹਰ ਕੱਢ ਕੇ ਕੀਤੇ ਫ਼ੈਸਲੇ ਦਾ ਵਿਰੋਧ ਕੀਤਾ। ਕੌਂਸਲਰ ਹਰਦੀਪ ਸਿੰਘ ਬੁਟਰੇਲਾ ਨੇ ਪਿਛਲੀ ਮੀਟਿੰਗ ਦੀ ਕਾਰਵਾਈ ’ਤੇ ਮੇਅਰ ਨੂੰ ਘੇਰਿਆ ਜਦਕਿ ਦੂਸਰੇ ਕੌਂਸਲਰਾਂ ਨੇ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਅਤੇ ਸਟਰੀਟ ਲਾਈਟਾਂ ਦੀ ਮੰਦੀ ਹਾਲਤ ਬਾਰੇ ਗੱਲ ਰੱਖੀ। ਭਾਜਪਾ ਕੌਂਸਲਰਾਂ ਨੇ ਮੇਅਰ ਨੂੰ ਰੂਸ ਦੌਰੇ ਵਿੱਚ ਮਿਲੇ ‘ਬਰਿਕਸ’ ਐਵਾਰਡ ’ਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਤਾਂ ਵਿਰੋਧੀ ਕੌਂਸਲਰਾਂ ਨੇ ਮੇਅਰ ਦਾ ਧਿਆਨ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਤੇ ਖਰਾਬ ਸਟਰੀਟ ਲਾਈਟਾਂ ਛੁੱਟੀਆਂ ਦੌਰਾਨ ਸਫ਼ਾਈ ਨਾ ਹੋਣ ਦੇ ਮੁੱਦਿਆਂ ਵੱਲ ਕਰਵਾ ਕੇ ਇਹ ਐਵਾਰਡ ਸ਼ਹਿਰ ਲਈ ਬੇਮਾਅਨੇ ਦੱਸਿਆ।
ਮਾਮਲਾ ਇੰਨਾ ਭਖ ਗਿਆ ਕਿ ਸਾਰੇ ਵਿਰੋਧੀ ਕੌਂਸਲਰ ਇਕੱਠੇ ਹੋ ਗਏ ਅਤੇ ਲਗਾਤਾਰ ਨਾਅਰੇਬਾਜ਼ੀ ਕੀਤੀ ਗਈ। ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣਾ ਮਹਿਤਾ, ਕੌਂਸਲਰ ਸਚਿਨ ਗਾਲਵ ਅਤੇ ‘ਆਪ’ ਦੀ ਪ੍ਰੇਮ ਲਤਾ ਨੇ ਏਜੰਡੇ ਦੀਆਂ ਕਾਪੀਆਂ ਫਾੜ ਕੇ ਮੇਅਰ ਵੱਲ ਵਗਾਹ ਮਾਰੀਆਂ ਜਿਸ ਉਪਰੰਤ ਮਾਹੌਲ ਗਰਮਾ ਗਿਆ। ਮੇਅਰ ਨੇ ਤੁਰੰਤ ਮਾਰਸ਼ਲ ਬੁਲਾ ਕੇ ਚਾਰਾਂ ਕੌਂਸਲਰਾਂ ਨੂੰ ਬਾਹਰ ਕੱਢਣ ਦੇ ਹੁਕਮ ਦਿੱਤੇ।
ਹਾਲ ਵਿੱਚ ਪਹੁੰਚੇ ਮਾਰਸ਼ਲ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਕੌਂਸਲਰਾਂ ਦੇ ਇਕਜੁੱਟ ਹੋਣ ਕਰਕੇ ਚਾਰਾਂ ਨੂੰ ਬਾਹਰ ਕੱਢਣ ਵਿੱਚ ਨਾਕਾਮ ਰਹੇ ਜਿਸ ਦੌਰਾਨ ਮੀਟਿੰਗ 10 ਮਿੰਟ ਵਾਸਤੇ ਸਸਪੈਂਡ ਕਰ ਦਿੱਤੀ ਗਈ ਪਰ ਡੇਢ ਘੰਟੇ ਤੋਂ ਵੀ ਵੱਧ ਸਮੇਂ ਲਈ ਹਾਊਸ ਸਸਪੈਂਡ ਰੱਖਿਆ ਗਿਆ। ਹਾਊਸ ਸਸਪੈਂਡ ਹੋਣ ਸਮੇਂ ਦੌਰਾਨ ਵਿਰੋਧੀ ਕੌਂਸਲਰਾਂ ਨੇ ਮੀਟਿੰਗ ਹਾਲ ਵਿੱਚ ਥੱਲੇ ਬੈਠ ਕੇ ਮੇਅਰ ਅਤੇ ਸੱਤਾ ਧਿਰ ਕੌਂਸਲਰਾਂ ਦਾ ਮਜ਼ਾਕ ਉਡਾਉਂਦੀ ਇੱਕ ਮੀਟਿੰਗ ਵੀ ਕੀਤੀ। ਲੰਚ ਮਗਰੋਂ ਮੁੜ ਸ਼ੁਰੂ ਹੋਈ ਮੀਟਿੰਗ ’ਚ ਜਿਉਂ ਹੀ ਤਾਂ ਮੇਅਰ ਨੇ ਪੂਰੀ ਤਿਆਰੀ ਨਾਲ ਮਾਰਸ਼ਲਾਂ ਤੋਂ ਇਲਾਵਾ ਹੋਰ ਗੈਰ-ਮਾਰਸ਼ਲ ਵਿਅਕਤੀ ਬੁਲਾ ਕੇ ਚਾਰੋ ਕੌਂਸਲਰਾਂ ਨੂੰ ਜਬਰਦਸਤੀ ਬਾਹਰ ਕਢਵਾਇਆ। ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਕਿਹਾ ਕਿ ਉਹ ਡੇਢ ਮਹੀਨੇ ਤੋਂ ਮਨੀਮਾਜਰਾ ਪ੍ਰਾਜੈਕਟ ਦਾ ਮੁੱਦਾ ਚੁੱਕ ਰਹੇ ਹਨ ਕਿ ਛੇ ਮੰਜ਼ਲਾ ਇਮਾਰਤ ਦੀ ਇਜਾਜ਼ਤ ਮਾਸਟਰ ਪਲਾਨ ਦੀ ਉਲੰਘਣਾ ਕਰ ਕੇ ਦਿੱਤੀ ਗਈ ਸੀ ਜਦੋਂਕਿ ਨਿਯਮਾਂ ਅਨੁਸਾਰ ਸਿਰਫ਼ ਚਾਰ ਮੰਜ਼ਲਾਂ ਤੱਕ ਇਮਾਰਤਾਂ ਬਣਾਉਣ ਦੀ ਇਜਾਜ਼ਤ ਸੀ।
ਮਨੀਮਾਜਰਾ ਪ੍ਰਾਜੈਕਟ ਸਬੰਧੀ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਮੰਨਿਆ ਕਿ ਪ੍ਰਾਜੈਕਟ ਵਿੱਚ ਬੇਨਿਯਮੀਆਂ ਸਨ। ਉਨ੍ਹਾਂ ਕਿਹਾ ਕਿ ਇੱਕ ਨਵੀਂ ਕਮੇਟੀ ਬਣਾਈ ਜਾਵੇਗੀ ਅਤੇ ਇਸ ਯੋਜਨਾ ਨੂੰ ਦੁਬਾਰਾ ਤਿਆਰ ਕੀਤਾ ਜਾਵੇਗਾ।
ਮੀਟਿੰਗ ਦੌਰਾਨ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਸਟਰੀਟ ਲਾਈਟਾਂ ਬੰਦ ਹੋਣ, ਛੁੱਟੀਆਂ ਦੌਰਾਨ ਸਫਾਈ ਦੀ ਘਾਟ ਅਤੇ ਸੁਣਵਾਈ ਦੀ ਘਾਟ ਵਰਗੇ ਮੁੱਦੇ ਚੁੱਕੇ। ਭਾਜਪਾ ਕੌਂਸਲਰ ਕੰਵਰਜੀਤ ਸਿੰਘ ਰਾਣਾ ਨੇ ਛੁੱਟੀਆਂ ਵਾਲੇ ਦਿਨਾਂ ਵਿੱਚ ਵੀ ਸਫਾਈ ਕਰਵਾਉਣ ਅਤੇ ਕੂੜਾ ਚੁਕਵਾਉਣ ਦਾ ਮੁੱਦਾ ਚੁੱਕਿਆ।