ਮੁਹਾਲੀ ਦੇ ਕਈ ਪਿੰਡਾਂ ਦਾ ਬਦਲੇਗਾ ਮਾਸਟਰ ਪਲਾਨ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 10 ਜੁਲਾਈ
ਡਾਇਰੈਕਟੋਰੇਟ ਆਫ ਟਾਊਨ ਐਂਡ ਕੰਟਰੀ ਪਲਾਨਿੰਗ ਪੰਜਾਬ ਵੱਲੋਂ ਜਲਦੀ ਹੀ ਮੁਹਾਲੀ ਸ਼ਹਿਰ ਨੇੜਲੇ ਪਿੰਡਾਂ ਦੇ ਮਾਸਟਰ ਪਲਾਨ ਵਿਚ ਸੋਧ ਕੀਤੀ ਜਾਵੇਗੀ। ਸੀਨੀਅਰ ਟਾਊਨ ਪਲਾਨਰ ਪੰਜਾਬ ਵੱਲੋਂ ਅਧਿਸੂਚਨਾ ਪ੍ਰਕਾਸ਼ਿਤ ਕਰਵਾ ਕੇ ਇਸ ਸੋਧ ਸਬੰਧੀ ਲੋਕਾਂ ਕੋਲ ਇਤਰਾਜ਼ ਮੰਗ ਲਏ ਗਏ ਹਨ। ਇਤਰਾਜ਼ ਹਾਸਲ ਕਰਨ ਦੀ ਇੱਕ ਮਹੀਨੇ ਦੀ ਪ੍ਰਕਿਰਿਆ ਮਗਰੋਂ ਇਨ੍ਹਾਂ ਪਿੰਡਾਂ ਦਾ ਮਾਸਟਰ ਪਲਾਨ ਅਤੇ ਜ਼ੋਨ ਬਦਲਣ ਲਈ ਅਗਲੀ ਕਾਰਵਾਈ ਨੇਪਰੇ ਚਾੜੀ ਜਾਵੇਗੀ।
ਲਾਂਡਰਾਂ ਤੋਂ ਬਨੂੜ ਨੂੰ ਜਾਂਦੀ ਸੜਕ ਉੱਤੇ ਪੈਂਦੇ ਪਿੰਡ ਬਠਲਾਣਾ, ਸਨੇਟਾ, ਦੈੜੀ ਅਤੇ ਰਾਏਪੁਰ ਕਲਾਂ ਨੂੰ ਖੇਤੀਬਾੜੀ ਤੋਂ ਰਿਹਾਇਸ਼ੀ ਜ਼ੋਨ ਵਿਚ ਤਬਦੀਲ ਕੀਤਾ ਜਾਵੇਗਾ। ਰਾਏਪੁਰ ਕਲਾਂ ਵਿਖੇ ਪਹਿਲਾਂ ਹੀ ਪ੍ਰਾਈਵੇਟ ਸੈਕਟਰ ਐਮਆਰ 109 ਵਿਕਸਿਤ ਹੈ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਕਾਫ਼ੀ ਸਮੇਂ ਤੋਂ ਇਸ ਸਬੰਧੀ ਲਿਖ਼ਤੀ ਮੰਗ ਪੱਤਰ ਦਿੱਤੇ ਜਾ ਰਹੇ ਸਨ।
ਐਸਟੀਪੀ ਵੱਲੋਂ ਜਾਰੀ ਕੀਤੀ ਅਧਿਸੂਚਨਾ ਵਿਚ ਇਹ ਕਾਰਵਾਈ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਹੋਰ ਵਸਨੀਕਾਂ ਕੋਲੋਂ ਪ੍ਰਾਪਤ ਮੰਗ ਪੱਤਰਾਂ ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਦੇ ਸਕੈਚ ਅਤੇ ਡਰਾਇੰਗ ਤੇ ਹੋਰ ਜਾਣਕਾਰੀਆਂ ਨੂੰ ਪੁਡਾ ਦੀ ਵੈਬਸਾਈਟ ਉੱਤੇ ਲੋਡ ਕਰ ਦਿੱਤਾ ਗਿਆ ਹੈ, ਜਿੱਥੇ ਮਾਸਟਰ ਪਲਾਨ ਅਤੇ ਸਬੰਧਿਤ ਜ਼ੋਨ ਦੀ ਤਬਦੀਲੀ ਸਬੰਧੀ ਕੋਈ ਵੀ ਵਿਅਕਤੀ ਆਪਣੇ ਸੁਝਾਅ ਅਤੇ ਇਤਰਾਜ਼ ਦਰਜ ਕਰਵਾ ਸਕਦਾ ਹੈ। ਸੀਏ ਗਮਾਡਾ, ਡਿਪਟੀ ਕਮਿਸ਼ਨਰ ਮੁਹਾਲੀ, ਐਸਟੀਪੀ ਪੁੱਡਾ, ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰਾਂ ਵਿਖੇ ਵੀ ਇਹ ਜਾਣਕਾਰੀ ਵੇਖੀ ਸਕਦੀ ਹੈ।
ਜ਼ਮੀਨ ਦੀਆਂ ਕੀਮਤਾਂ ’ਚ ਵਾਧਾ
ਪਿੰਡ ਰਾਏਪੁਰ ਕਲਾਂ, ਬਠਲਾਣਾ, ਸਨੇਟਾ ਅਤੇ ਦੈੜੀ ਨੂੰ ਖੇਤੀਬਾੜੀ ਜ਼ੋਨ ਵਿੱਚੋਂ ਕੱਢ ਕੇ ਰਿਹਾਇਸ਼ੀ ਜ਼ੋਨ ਅਤੇ ਮਿਕਸ ਜ਼ੋਨ ਵਿਚ ਪਾਏ ਜਾਣ ਦੀ ਕਾਰਵਾਈ ਆਰੰਭ ਹੁੰਦਿਆਂ ਹੀ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਦੀਆਂ ਕੀਮਤਾਂ ਵਿਚ ਵੱਡਾ ਉਛਾਲ ਆ ਗਿਆ ਹੈ। ਪਿਛਲੇ ਮਹੀਨੇ ਪਿੰਡ ਸਨੇਟਾ ਵਿਖੇ ਇੱਕ ਏਕੜ ਜ਼ਮੀਨ ਦਾ ਭਾਅ ਚਾਰ ਕਰੋੜ ਸੀ ਅਤੇ ਹੁਣ ਪੰਜ ਕਰੋੜ ਤੋਂ ਵੱਧ ਗਿਆ ਹੈ। ਜ਼ੋਨ ਬਦਲਣ ਸਬੰਧੀ ਇਤਰਾਜ਼ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਇਨ੍ਹਾਂ ਪਿੰਡਾਂ ਵਿਚ ਜ਼ਮੀਨੀ ਭਾਅ ਵਿਚ ਹੋਰ ਜ਼ਿਆਦਾ ਵਾਧਾ ਹੋਣਾ ਤੈਅ ਹੈ।