ਸ਼ਹੀਦੀ ਯਾਦਗਾਰ 1857 ਦੇ ਇਤਿਹਾਸ ਨੂੰ ਜਿਉਂਦਾ ਕਰੇਗੀ: ਵਿੱਜ
ਹਰਿਆਣਾ ਦੇ ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ 1857 ਦੀ ਪਹਿਲੀ ਆਜ਼ਾਦੀ ਦੀ ਲੜਾਈ ਨੂੰ ਸਮਰਪਿਤ ਅੰਬਾਲਾ ਵਿੱਚ ਬਣ ਰਹੇ ਸ਼ਹੀਦੀ ਯਾਦਗਾਰ ਦਾ ਨਿਰੀਖਣ ਕੀਤਾ। ਕਰੀਬ 600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੇ ਸਮਾਰਕ ਦੀਆਂ ਵੱਖ-ਵੱਖ ਆਰਟ ਗੈਲਰੀਆਂ ਵਿੱਚ ਚੱਲ ਰਹੇ ਕੰਮ ਨੂੰ ਵੇਖ ਕੇ ਉਨ੍ਹਾਂ ਨੇ ਕਲਾਕਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੱਥੇ ਪੇਸ਼ ਕੀਤੀ ਜਾ ਰਹੀ ਕਲਾਕਾਰੀ 1857 ਦੇ ਇਤਿਹਾਸ ਨੂੰ ਜਿਉਂਦਾ ਰੂਪ ਦੇ ਰਹੀ ਹੈ। ਸਮਾਰਕ ਵਿੱਚ ਲੱਗੇ ਪੁਤਲੇ , ਉਸ ਯੁੱਗ ਦੇ ਫੌਜੀਆਂ ਦੀ ਵਰਦੀ, ਹਥਿਆਰ ਅਤੇ ਆਜ਼ਾਦੀ ਸੰਗਰਾਮੀ ਭੇਸਭੂਸ਼ਾ ਨੂੰ ਦੇਖਦੇ ਹੋਏ ਉਨ੍ਹਾਂ ਨੇ ਕਾਰੀਗਰਾਂ ਦਾ ਹੌਸਲਾ ਵਧਾਇਆ। ਸ੍ਰੀ ਵਿੱਜ ਨੇ ਨਿਰਮਾਣ ਏਜੰਸੀ ਨੂੰ ਹੁਕਮ ਦਿੱਤਾ ਕਿ ਜਿੱਥੇ ਕੰਮ ਮੁਕੰਮਲ ਹੈ, ਉੱਥੇ ਤੁਰੰਤ ਮਸ਼ੀਨਾਂ ਰਾਹੀਂ ਸਫ਼ਾਈ ਕਰਵਾਈ ਜਾਵੇ। ਟਿਕਟ ਪ੍ਰਬੰਧਨ ਬਾਰੇ ਵੀ ਉਨ੍ਹਾਂ ਨੇ ਅਧਿਕਾਰੀਆਂ ਨਾਲ ਵਿਚਾਰ ਕਰਦਿਆਂ ਕਿਹਾ ਕਿ ਵੱਖ-ਵੱਖ ਟਿਕਟਾਂ ਦੀ ਬਜਾਏ ਸਿਰਫ਼ ਇੱਕ ਹੀ ਟਿਕਟ ਪ੍ਰਣਾਲੀ ਲਾਗੂ ਕੀਤੀ ਜਾਵੇ। ਨਿਰੀਖਣ ਤੋਂ ਬਾਅਦ ਸ੍ਰੀ ਵਿੱਜ ਨੇ ਡਰੋਨ ਵੀਡੀਓ ਪ੍ਰੇਜ਼ੈਂਟੇਸ਼ਨ ਦੇਖੀ ਅਤੇ 23 ਗੈਲਰੀਆਂ, ਓਪਨ ਏਅਰ ਥੀਏਟਰ ਵਿੱਚ ਪ੍ਰੋਜੈਕਟਰ ਸ਼ੋਅ, ਆਡੀਓ-ਵੀਡੀਓ ਪ੍ਰਸਤੁਤੀ ਬਿੰਦੂਆਂ ’ਤੇ ਅਧਿਕਾਰੀਆਂ ਨਾਲ ਵਿਚਾਰ ਕੀਤਾ।