ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਮੁਹਾਲੀ: ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੱਜ ਦਸਵੀਂ ਦਾ ਦਿਹਾੜਾ ਅਤੇ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ। ਸਵੇਰੇ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਹੋਏ। ਭਾਈ ਤਰਸੇਮ ਸਿੰਘ ਬਠਿੰਡਾ ਵਾਲਿਆਂ ਦੇ ਢਾਡੀ ਜਥੇ ਨੇ ਭਾਈ ਮਨੀ ਸਿੰਘ ਦੀ ਜੀਵਨੀ ਤੇ ਸ਼ਹਾਦਤ ਵਰਨਣ ਕੀਤੀ। ਗੁਰਦੁਆਰਾ ਦੂਖ ਨਿਵਾਰਨ ਲੁਧਿਆਣਾ ਤੋਂ ਆਏ ਭਾਈ ਗੁਰਵਿੰਦਰ ਸਿੰਘ ਨੇ ਕੀਰਤਨ ਕੀਤਾ। ਪ੍ਰਚਾਰਕ ਭਾਈ ਸ਼ੁਭਕਰਨ ਸਿੰਘ ਨੇ ਭਾਈ ਮਨੀ ਸਿੰਘ ਵਲੋਂ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਹੋਰ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਤੇ ਕਥਾਵਾਚਕਾਂ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੈਡੀਕਲ ਕੈਂਪ ਲਾਇਆ ਗਿਆ ਤੇ ਅੰਮ੍ਰਿਤ ਸੰਚਾਰ ਵੀ ਹੋਇਆ। -ਖੇਤਰੀ ਪ੍ਰਤੀਨਿਧ
ਨਸ਼ਿਆਂ ਵਿਰੁੱਧ ਜਾਗਰਕੂਤਾ ਲਈ ਨਾਟਕ ਖੇਡਿਆ
ਨੰਗਲ: ਐੱਸਟੀ. ਸੋਲਜਰ ਡਿਵਾਈਨ ਪਬਲਿਕ ਸਕੂਲ ਨਯਾ ਨੰਗਲ ਵੱਲੋਂ ਅੱਜ ‘ਯੁੱਧ ਨਸ਼ਿਆਂ ਵਿਰੁੱਧ’ ਨਾਟਕ ਰਾਹੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਲਾਕ ਦੇ 11 ਸਕੂਲਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀ ਗੁਰੂ ਰਵਿਦਾਸ ਅਯੂਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ ਸੰਜੀਵ ਗੌਤਮ ਨੇ ਕੀਤਾ ਤੇ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪੰਜਾਬ ’ਚੋਂ ਨਸ਼ੇ ਖਤਮ ਕਰਨ ਲਈ ਵਚਨਬੱਧ ਹੈ। ਸਕੂਲ ਦੇ ਡਾਇਰੈਕਟਰ ਵਾਈਪੀ ਕੌਸ਼ਲ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਪਹਿਲਕਦਮੀ ਦੀ ਹਮਾਇਤ ਕੀਤੀ। ਇਸ ਮੌਕੇ ਮੈਨੇਜਰ ਬੀਕੇ ਸੈਣੀ, ਪ੍ਰਿੰਸੀਪਲ ਨਿਰਮਲਾ ਵਾਸੂਦੇਵਾ, ਪ੍ਰਿੰਸੀਪਲ ਪਰਮਿੰਦਰ ਕੌਰ ਦੂਆ, ਨਸ਼ਾ ਮੁਕਤੀ ਮੋਰਚਾ ਜ਼ਿਲ੍ਹਾ ਰੂਪਨਗਰ ਦੇ ਉਪ ਪ੍ਰਧਾਨ ਮੋਹਿਤ ਦੀਵਾਨ, ਮਨਜੋਤ ਸਿੰਘ ਰਾਣਾ ਹਾਜ਼ਰ ਸਨ। -ਪੱਤਰ ਪ੍ਰੇਰਕ
ਡੀਏਵੀ ਕਾਲਜ ’ਚ ਵਣ ਮਹਾਉਤਸਵ ਮਨਾਇਆ
ਚੰਡੀਗੜ੍ਹ: ਇੱਥੋਂ ਦੇ ਡੀਏਵੀ ਕਾਲਜ, ਸੈਕਟਰ 10 ਵਿੱਚ ਅੱਜ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ। ਇਹ ਮੁਹਿੰਮ ਜੰਗਲਾਤ ਵਿਭਾਗ ਚੰਡੀਗੜ੍ਹ ਦੇ ਸਹਿਯੋਗ ਨਾਲ ਚਲਾਈ ਗਈ ਜਿਸ ਵਿਚ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦੌਰਾਨ ਕੁੱਲ 70 ਪੌਦੇ ਲਾਏ ਗਏ। ਪ੍ਰਿੰਸੀਪਲ ਡਾ. ਮੋਨਾ ਨਾਰੰਗ ਨੇ ਇਸ ਮੁਹਿੰਮ ਦਾ ਉਦਘਾਟਨ ਕੀਤਾ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਨੌਜਵਾਨਾਂ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਸਮਾਗਮ ਦਾ ਤਾਲਮੇਲ ਐਨਐਸਐਸ ਪ੍ਰੋਗਰਾਮ ਅਫਸਰ ਡਾ. ਨਿਤੇਸ਼ ਗੋਇਲ, ਡਾ. ਕਸ਼ਮਾ ਸ਼ਰਮਾ ਅਤੇ ਡਾ. ਯੋਗਿਤਾ ਪਠਾਨੀਆ ਨੇ ਕੀਤਾ। -ਟਨਸ
ਐੱਸਐੱਮਓ ਨੂੰ ਮੰਗ ਪੱਤਰ ਦਿੱਤਾ
ਪੰਚਕੂਲਾ: ਹੈਲਥ ਕੰਟਰੈਕਟ ਵਰਕਰਜ਼ ਯੂਨੀਅਨ ਪੰਚਕੂਲਾ ਨੇ 9 ਜੁਲਾਈ ਦੀ ਪ੍ਰਸਤਾਵਿਤ ਇੱਕ ਦਿਨ ਦੀ ਹੜਤਾਲ ਲਈ ਐੱਸਐੱਮਓ ਡਾ. ਸੰਜੀਵ ਗੋਇਲ ਨੂੰ ਮੰਗ ਪੱਤਰ ਸੌਂਪਿਆ। ਪ੍ਰਧਾਨ ਰਮਾ ਦੇਵੀ ਨੇ ਕਿਹਾ ਕਿ ਮੁੱਖ ਮੰਗ ਕੱਚੇ ਕਰਮਚਾਰੀਆਂ ਨੂੰ ਸਥਾਈ ਕਰਨਾ ਅਤੇ ਕਰਮਚਾਰੀਆਂ ਦੀ ਘੱਟੋ-ਘੱਟ ਉਜਰਤ 26,000 ਰੁਪਏ ਕਰਨਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਵੇਗਾ। -ਪੱਤਰ ਪ੍ਰੇਰਕ