ਸ੍ਰੀ ਆਨੰਦਪੁਰ ਸਾਹਿਬ ਦੇ ਕਈ ਪਿੰਡ ਸਤਲੁਜ ਦੀ ਮਾਰ ਹੇਠ
ਭਾਖੜਾ ਡੈਮ ਤੋਂ ਛੱਡੇ ਗਏ ਵਾਧੂ ਪਾਣੀ ਨੇ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਦੇ ਕਈ ਪਿੰਡਾਂ ਵਿੱਚ ਤਬਾਹੀ ਮਚਾਈ ਹੈ। ਪਿੰਡ ਚੰਦਪੁਰ ਬੇਲਾ, ਗੱਜਪੁਰ ਬੇਲਾ ਅਤੇ ਸ਼ਾਹਪੁਰ ਬੇਲਾ ਵਿੱਚ ਸਤਲੁਜ ਦਾ ਪਾਣੀ ਖੇਤਾਂ ਅਤੇ ਸੜਕਾਂ ਵਿੱਚ ਵੜ ਗਿਆ, ਜਿਸ ਨਾਲ ਫਸਲਾਂ ਨੂੰ ਅਤੇ ਸੜਕਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਪਿੰਡ ਚੰਦਪੁਰ ਬੇਲਾ ਦੇ ਵਸਨੀਕਾਂ ਨੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਹਰ ਸਾਲ ਆਉਣ ਵਾਲੇ ਹੜ੍ਹਾਂ ਤੋਂ ਸਥਾਈ ਰਾਹਤ ਪ੍ਰਦਾਨ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣ। ਉਨ੍ਹਾਂ ਦਾ ਕਹਿਣਾ ਹੈ ਕਿ ਵਾਰ-ਵਾਰ ਆਉਣ ਵਾਲੇ ਹੜ੍ਹਾਂ ਨੇ ਖੇਤੀਬਾੜੀ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸੇ ਦੌਰਾਨ ਕਈ ਪ੍ਰਵਾਸੀ ਮਜ਼ਦੂਰ ਆਪਣੇ ਸਿਰਾਂ ’ਤੇ ਸਾਮਾਨ ਚੁੱਕ ਕੇ ਵਾਪਸ ਬਿਹਾਰ ਰਵਾਨਾ ਹੋ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਖਾਣ ਪੀਣ ਦੀ ਸਹੂਲਤ ਤਾਂ ਉਪਲਬਧ ਹੈ ਪਰ ਕੰਮ ਦੀ ਘਾਟ ਅਤੇ ਹੜ੍ਹਾਂ ਦੀ ਮਾਰ ਕਾਰਨ ਉਨ੍ਹਾਂ ਨੂੰ ਮਜਬੂਰਨ ਘਰ ਵਾਪਸੀ ਕਰਨੀ ਪੈ ਰਹੀ ਹੈ। ਇਸ ਤੋਂ ਇਲਾਵਾ ਪਿੰਡ ਜਿੰਦਵੜੀ, ਪੱਤੀ ਟੇਕ ਸਿੰਘ, ਹਰੀਵਾਲ ਅਤੇ ਬੁਰਜ ਆਦਿ ਇਲਾਕੇ ਵੀ ਸਤਲੁਜ ਦੇ ਵਧਦੇ ਪਾਣੀ ਦੀ ਲਪੇਟ ਵਿੱਚ ਹਨ। ਦੱਸਣਯੋਗ ਹੈ ਕਿ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਬੀਬੀਐੱਮਬੀ ਵੱਲੋਂ ਲਗਭਗ 85 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚੋਂ ਕਰੀਬ 9-9 ਹਜ਼ਾਰ ਕਿਊਸਿਕ ਪਾਣੀ ਦੋਵੇਂ ਨਹਿਰਾਂ ਵਿੱਚ ਅਤੇ ਬਾਕੀ ਸਾਰਾ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਦਰਿਆ ਨੇੜੇ ਬਣੇ ਘਰਾਂ ’ਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਆਉਣ ਦੀ ਅਪੀਲ ਕੀਤੀ।
ਰਾਜਪਾਲ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਰੂਪਨਗਰ (ਜਗਮੋਹਨ ਸਿੰਘ): ਅੱਜ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਰੂਪਨਗਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨੇ ਰੂਪਨਗਰ ਹੈੱਡ ਵਰਕਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਦੇ ਆਦੇਸ਼ਾਂ ਅਧੀਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਉਹ ਮੀਂਹ ਕਾਰਨ ਸੂਬੇ ਦੇ ਕਿਸਾਨਾਂ ਅਤੇ ਹੋਰ ਲੋਕਾਂ ਦੇ ਹੋਏ ਨੁਕਸਾਨ ਸਬੰਧੀ ਰਿਪੋਰਟ ਤਿਆਰ ਕਰਕੇ ਗ੍ਰਹਿ ਮੰਤਰੀ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਉਹ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਚਾਲੇ ਕੜੀ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਾਵੇਂ ਹੜ੍ਹ ਪੀੜ੍ਹਤਾਂ ਤੱਕ ਭੋਜਨ ਸਮੱਗਰੀ ਅਤੇ ਖਾਣ ਪੀਣ ਦੀਆਂ ਵਸਤਾਂ ਪੁੱਜ ਰਹੀਆਂ ਹਨ, ਪਰ ਫਸਲਵਾੜੀ ਅਤੇ ਹੋਰ ਕਈ ਤਰ੍ਹਾਂ ਨਾਲ ਨੁਕਸਾਨ ਹੋਣ ਕਾਰਨ ਤੇ ਘਰੋਂ ਬੇਘਰ ਹੋਣ ਕਾਰਨ ਲੋਕ ਮਨੋ ਦੁਖੀ ਹਨ।
ਅਗੰਮਪੁਰ ਪੁਲ ’ਤੇ ਬਚਾਅ ਕਾਰਜ
ਸ੍ਰੀ ਆਨੰਦਪੁਰ ਸਾਹਿਬ (ਬੀ. ਐੱਸ. ਚਾਨਾ): ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਸਵਾਂ ਅਤੇ ਸਰਸਾ ਨਦੀਆਂ ਦਾ ਚੈਨਲਾਈਜ਼ੇਸ਼ਨ ਸਰਕਾਰ ਦੇ ਪ੍ਰਾਥਮਿਕ ਏਜੰਡੇ ਵਿੱਚ ਸ਼ਾਮਲ ਹੈ। ਇਸ ਸਬੰਧੀ ਕੇਂਦਰੀ ਮੰਤਰੀ ਸੀ. ਆਰ. ਪਾਟਿਲ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਜਾ ਚੁੱਕਾ ਹੈ ਅਤੇ ਜਲਦ ਹੀ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਯੋਜਨਾ ਨਾਲ ਰੂਪਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਹੜ੍ਹਾਂ ਦੀ ਮੁਸੀਬਤ ਤੋਂ ਸਦਾ ਲਈ ਰਾਹਤ ਮਿਲੇਗੀ। ਅੱਜ ਮੰਤਰੀ ਬੈਂਸ ਸ੍ਰੀ ਆਨੰਦਪੁਰ ਸਾਹਿਬ ਨੂੰ ਗੜ੍ਹਸ਼ੰਕਰ ਨਾਲ ਜੋੜਦੇ ਅਗੰਮਪੁਰ ਪੁਲ ਦਾ ਦੌਰਾ ਕਰਨ ਲਈ ਪਹੁੰਚੇ। ਭਾਖੜਾ ਡੈਮ ਤੋਂ ਵਧੀਕ ਪਾਣੀ ਛੱਡੇ ਜਾਣ ਕਾਰਨ ਪੁਲ ਨੇੜੇ ਕਰੇਟ ਵਾਲ ’ਤੇ ਖਾਰ ਪੈਣ ਨਾਲ ਪੁਲ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਖ਼ਤਰਾ ਪੈਦਾ ਹੋ ਗਿਆ ਸੀ। ਗੰਭੀਰ ਸਥਿਤੀ ਦੇ ਮੱਦੇਨਜ਼ਰ ਮੰਤਰੀ ਨੇ ਤੁਰੰਤ ਪ੍ਰਸ਼ਾਸਨ, ਸਥਾਨਕ ਲੋਕਾਂ ਅਤੇ ਨੌਜਵਾਨਾਂ ਨਾਲ ਮਿਲ ਕੇ ਜੰਗੀ ਪੱਧਰ ’ਤੇ ਬਚਾਅ ਕੰਮ ਸ਼ੁਰੂ ਕਰਵਾਇਆ।
ਸੁਖਬੀਰ ਬਾਦਲ ਵੱਲੋਂ ਸਤਲੁਜ ਦਰਿਆ ਵਿੱਚ ਆਏ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਚਮਕੌਰ ਸਾਹਿਬ (ਸੰਜੀਵ ਬੱਬੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਰਿਆ ਸਤਲੁਜ ਵਿੱਚ ਪਾਣੀ ਦੇ ਵਹਾਅ ਕਾਰਨ ਪ੍ਰਭਾਵਿਤ ਹੋਏ ਨਜ਼ਦੀਕੀ ਪਿੰਡ ਮੋਹਣ ਮਾਜਰਾ, ਫੱਸੇ, ਦਾਊਦਪੁਰ ਅਤੇ ਰਸੀਦਪੁਰ ਵਿੱਚ ਦਰਿਆ ਦੇ ਬੰਨ੍ਹ ਦਾ ਦੌਰਾ ਕਰਦਿਆਂ ਪੰਜਾਬ ਸਰਕਾਰ ਦੇ ਹੜ੍ਹਾਂ ਸਬੰਧੀ ਕੀਤੇ ਪ੍ਰਬੰਧਾਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਰਿਆਵਾਂ ਦੇ ਪਾਣੀਆਂ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਰਹੇ ਹਨ । ਇਸ ਲਈ ਸਮੂਹ ਪੰਜਾਬੀਆਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਝਾਕ ਛੱਡ ਕੇ ਖੁਦ ਹੀ ਪੰਜਾਬੀਆਂ ਨੂੰ ਇੱਕ ਦੂਜੇ ਦੀ ਮਦਦ ਕਰਕੇ ਪੰਜਾਬ ਨੂੰ ਮੁੜ ਤੋਂ ਪੈਰਾਂ ਸਿਰ ਖੜ੍ਹਾ ਕਰਨ ਦੀ ਲੋੜ ਹੈ। ਉਨ੍ਹਾਂ ਇਲਾਕੇ ਵਿੱਚ ਪਾਣੀ ਕਾਰਨ ਬੰਨ੍ਹ ਨੂੰ ਹੋ ਰਹੇ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਬਚਾਅ ਕਾਰਜਾਂ ਵਿੱਚ ਦਿਨ ਰਾਤ ਜੁਟੇ ਨੌਜਵਾਨਾਂ, ਬਜ਼ੁਰਗਾਂ ਤੇ ਬੀਬੀਆਂ ਨਾਲ ਮਿਲ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਡੀਜ਼ਲ ਤੇਲ ਲਈ ਮਾਲੀ ਸਹਾਇਤਾ ਵੀ ਦਿੱਤੀ। ਸ੍ਰੀ ਬਾਦਲ ਨੇ ਕਿਹਾ ਕਿ ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਕਾਰਨ ਆਉਣ ਵਾਲੇ ਹੜ੍ਹਾਂ ਨੇ ਜਿੱਥੇ ਪੰਜਾਬ ਦੇ 10 ਤੋਂ ਵੱਧ ਜ਼ਿਲ੍ਹਿਆਂ ਵਿੱਚ ਕਾਫੀ ਤਬਾਹੀ ਮਚਾਈ ਹੈ, ਉੱਥੇ ਹੀ ਚਮਕੌਰ ਸਾਹਿਬ ਦੇ ਉਕਤ ਪਿੰਡਾਂ ਵਿੱਚ ਦਰਿਆਈ ਪਾਣੀ ਦਾ ਵਹਾਅ ਤੇੇਜ਼ ਹੋੋਣ ਕਾਰਨ ਦਰਿਆਈ ਬੰਨ੍ਹ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ, ਜਿਸ ਨੂੰ ਬਚਾਉਣ ਲਈ ਸੰਗਤ ਦਿਨ ਰਾਤ ਲੱਗੀ ਹੋਈ ਹੈ ਪ੍ਰੰਤੂ ਸਰਕਾਰ ਤੇ ਪ੍ਰਸ਼ਾਸਨ ਕਿਤੇ ਨਜ਼ਰ ਨਹੀ ਆ ਰਿਹਾ। ਉਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਨੇੜੇ ਤੋਂ ਵੇਖਿਆ ਅਤੇ ਸਰਕਾਰ ਵੱਲੋਂ ਕੋਈ ਸਹਾਇਤਾ ਨਾ ਮਿਲਣ ਕਾਰਨ ਖ਼ੁਦ ਮੈਦਾਨ ’ਚ ਉਤਰ ਕੇ ਮਦਦ ਕਰਨ ਦਾ ਐਲਾਨ ਕਰਦਿਆਂ ਚਮਕੌਰ ਸਾਹਿਬ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਿਆਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਦਰਿਆਈ ਬੰਨ੍ਹਾਂ ਦੇ ਬਚਾਓ ਕਾਰਜਾਂ ਵਿੱਚ ਜੁਟੇ ਇਲਾਕਾ ਨਿਵਾਸੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਬੰਨ੍ਹ ਨੂੰ ਹੋ ਰਹੇ ਨੁਕਸਾਨ ਦੀ ਜਾਣਕਾਰੀ ਲਈ ਤਕਨੀਕੀ ਟੀਮਾਂ ਨੂੰ ਸਥਲ ’ਤੇ ਭੇਜਣ ਦੀ ਮੰਗ ਕੀਤੀ। ਉਨ੍ਹਾਂ ਬਚਾਅ ਕਾਰਜਾਂ ਵਿੱਚ ਲੱਗੇ ਨੌਜਵਾਨਾਂ ਨੂੰ ਡੀਜ਼ਲ ਤੇਲ ਲਈ ਨਕਦ ਰਾਹਤ ਦੇਣ ਅਤੇ ਹੋਰ ਵੀ ਲੋੜੀਂਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਿੱਚ ਸਰਕਾਰ ਨਾਕਾਮ ਰਹੀ ਹੈ ਅਤੇ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਹੈ। ਇਸ ਮੌਕੇ ਸੀਨੀਅਰ ਆਗੂ ਅਮਨਦੀਪ ਸਿੰਘ ਮਾਂਗਟ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਬਲਦੇਵ ਸਿੰਘ ਹਾਫਿਜ਼ਾਬਾਦ, ਜਗਪਾਲ ਸਿੰਘ ਜੋਲੀ, ਸਰਪੰਚ ਸੁਰਜੀਤ ਸਿੰਘ ਆਦਿ ਹਾਜ਼ਰ ਸਨ।