ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਮਾਗਮਾਂ ’ਚ ਸ਼ਾਮਲ ਹੋਣਗੇ ਮਾਨ ਅਤੇ ਕੇਜਰੀਵਾਲ
ਇਨ੍ਹਾਂ ਸਮਾਗਮਾਂ ਦਾ ਉਦੇਸ਼ ਧਰਮ ਨਿਰਪੱਖਤਾ, ਮਾਨਵਤਾਵਾਦ ਅਤੇ ਕੁਰਬਾਨੀ ਦੀ ਭਾਵਨਾ ਦਾ ਸੰਦੇਸ਼ ਫੈਲਾਉਣਾ: ਆਪ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਂਮੀ ਕਨਵੀਨਰ ਅਰਵਿੰਦ ਕੇਜਰੀਵਾਲ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਵੱਖ-ਵੱਖ ਪ੍ਰੋਗਰਾਮਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਣਗੇ।
ਸੂਬਾ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ 25 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਅਰਦਾਸ (ਪ੍ਰਾਰਥਨਾ) ਕਰੇਗੀ, ਜੋ ਕਿ ਨੌਵੇਂ ਸਿੱਖ ਗੁਰੂ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਉਦੇਸ਼ ਨਾਲ ਕੀਤੇ ਗਏ ਪ੍ਰੋਗਰਾਮਾਂ ਦੀ ਸ਼ੁਰੂਆਤ ਹੈ। ਸ਼ਾਮ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਕੀਰਤਨ ਦਰਬਾਰ ਹੋਵੇਗਾ, ਜਿੱਥੇ ਮਾਨ ਅਤੇ ਕੇਜਰੀਵਾਲ ਮੱਥਾ ਟੇਕਣਗੇ।
ਪ੍ਰਸਿੱਧ ‘ਰਾਗੀ’ ਜਿਵੇਂ ਕਿ ਭਾਈ ਅਮਰਜੀਤ ਸਿੰਘ ਤਾਨ, ਭਾਈ ਅਨੰਤਬੀਰ ਸਿੰਘ, ਭਾਈ ਚਮਨਜੀਤ ਸਿੰਘ ਲਾਲ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਦਵਿੰਦਰ ਸਿੰਘ ਸੋਢੀ ਅਤੇ ਭਾਈ ਜਸਕਰਨ ਸਿੰਘ ਕੀਰਤਨ ਕਰਨਗੇ।
ਬੁਲਾਰੇ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਮੌਕੇ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਪਹਿਲਾਂ ਹੀ ਕਈ ਸਮਾਗਮਾਂ ਦੀ ਯੋਜਨਾ ਬਣਾਈ ਹੈ। ਇਹ ਸਮਾਗਮ ਸੂਬੇ ਭਰ ਵਿੱਚ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਜਾਣਗੇ ਪਰ ਮੁੱਖ ਸਮਾਗਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਵੇਗਾ।
ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਧਰਮ ਨਿਰਪੱਖਤਾ, ਮਾਨਵਤਾਵਾਦ ਅਤੇ ਕੁਰਬਾਨੀ ਦੀ ਭਾਵਨਾ ਦਾ ਸੰਦੇਸ਼ ਫੈਲਾਉਣਾ ਹੈ, ਜਿਵੇਂ ਕਿ ਗੁਰੂ ਤੇਗ਼ ਬਹਾਦਰ ਜੀ ਨੇ ਦਿਖਾਇਆ।

