ਮਨਮੋਹਨ ਸਿੰਘ ਦਾ ਚੰਡੀਗੜ੍ਹ ਨਾਲ ਸੀ ਡੂੰਘਾ ਨਾਤਾ
ਆਤਿਸ਼ ਗੁਪਤਾ
ਚੰਡੀਗੜ੍ਹ, 27 ਦਸੰਬਰ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਦੇ ਨਾਲ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਡਾ. ਮਨਮੋਜਨ ਸਿੰਘ ਦਾ ਸਿਟੀ ਬਿਊਟੀਫੁੱਲ ਚੰਡੀਗੜ੍ਹ ਨਾਲ ਵੀ ਪੁਰਾਣਾ ਨਾਅਤਾ ਰਿਹਾ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਵਿੱਚ ਸਿੱਖਿਆ ਹਾਸਲ ਕੀਤੀ। ਉਸ ਤੋਂ ਬਾਅਦ ਸਾਲ 1957 ਤੋਂ 66 ਤੱਕ ਪੰਜਾਬ ਯੂਨੀਵਰਸਿਟੀ ਵਿੱਚ ਹੀ ਬਤੌਰ ਪ੍ਰੋਫੈਸਰ ਤਾਇਨਾਤ ਰਹੇ। ਡਾ. ਮਨਮੋਹਨ ਸਿੰਘ ਦਾ ਚੰਡੀਗੜ੍ਹ ਦੇ ਸੈਕਟਰ-11 ਵਿੱਚ ਮਕਾਨ ਵੀ ਹੈ, ਜਿਸ ਦਾ ਨੰਬਰ 727 ਹੈ। ਹਾਲਾਂਕਿ ਇਸ ਮਕਾਨ ਵਿੱਚ ਕੋਈ ਨਹੀਂ ਰਹਿੰਦਾ। ਇਸ ਦੀ ਦੇਖਭਾਲ ਲਈ ਇਕ ਕੇਅਰਟੇਕਰ ਰੱਖਿਆ ਹੋਇਆ ਹੈ।
ਡਾ. ਮਨਮੋਹਨ ਸਿੰਘ ਨੇ ਸਾਲ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਹੁੰਦਿਆਂ ਚੰਡੀਗੜ੍ਹ ਨੂੰ ਕਦੇ ਵੀ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਲਈ ਦੋ ਮਿਸਾਲੀ ਪ੍ਰਾਜੈਕਟ ਸ਼ੁਰੂ ਕੀਤੇ। ਉਨ੍ਹਾਂ ਸਾਲ 2005 ਵਿੱਚ ਚੰਡੀਗੜ੍ਹ ਆਈਟੀ ਪਾਰਕ ਦਾ ਉਦਘਾਟਨ ਕੀਤਾ ਅਤੇ ਧਨਾਸ ਪਿੰਡ ਵਿੱਚ ਮਾਡਲ ਸਮਾਲ ਹਾਊਸਿੰਗ ਫਲੈਟ ਸਕੀਮ ਦੀ ਸ਼ੁਰੂਆਤ ਕੀਤੀ। ਇਸ ਸਕੀਮ ਤਹਿਤ 8400 ਦੇ ਕਰੀਬ ਫਲੈਟ ਤਿਆਰ ਕੀਤੇ ਗਏ, ਜਿਨ੍ਹਾਂ ਗ਼ਰੀਬ ਲੋਕਾਂ ਨੂੰ ਵਸਾਇਆ ਗਿਆ। ਡਾ. ਮਨਮੋਹਨ ਸਿੰਘ ਨੇ ਸਾਲ 2013 ਵਿੱਚ ਚੰਡੀਗੜ੍ਹ ਪਹੁੰਚ ਕੇ ਇਨ੍ਹਾਂ ਫਲੇਟਾਂ ਦੀਆਂ ਚਾਬੀਆਂ ਲੋਕਾਂ ਨੂੰ ਸੌਂਪੀਆਂ ਸਨ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਨੇ ਪੰਜਾਬ ਯੂਨੀਵਰਸਿਟੀ, ਪੀਜੀਆਈ ਤੇ ਹੋਰਨਾਂ ਸੰਸਥਾਵਾਂ ਲਈ ਕਰੋੜਾਂ ਰੁਪਏ ਦੀ ਗਰਾਂਟ ਦਿੱਤੀ।
ਸਾਬਕਾ ਪ੍ਰਧਾਨ ਮੰਤਰੀ ਨੂੰ ‘ਭਾਰਤ ਰਤਨ’ ਦੇਣ ਦੀ ਮੰਗ
ਚੰਡੀਗੜ੍ਹ ਕਾਂਗਰਸ ਨੇ ਅੱਜ ਸੈਕਟਰ-35 ਵਿਖੇ ਸਥਿਤ ਕਾਂਗਰਸ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਸਮੇਤ ਹੋਰ ਆਗੂਆਂ ਤੇ ਵਰਕਰਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਐੱਚਐੱਸ ਲੱਕੀ ਨੇ ਡਾ. ਮਨਮੋਹਨ ਸਿੰਘ ਵੱਲੋਂ ਦੇਸ਼ ਦੀ ਤਰੱਕੀ ’ਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਉਨ੍ਹਾਂ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਕੀਤੀ। ਚੰਡੀਗੜ੍ਹ ਦੇ ਸਾਬਕਾ ਮੇਅਰ ਤੇ ਸੀਨੀਅਰ ਸਿਆਸੀ ਆਗੂ ਸੁਭਾਸ਼ ਚਾਵਲਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਚੰਡੀਗੜ੍ਹ ਨੂੰ ਕਦੇ ਵੀ ਫੰਡਾਂ ਦੀ ਘਾਟ ਨਹੀਂ ਹੋਣ ਦਿੱਤੀ। ਇਸੇ ਕਰਕੇ ਚੰਡੀਗੜ੍ਹ ਸ਼ਹਿਰ ਅੱਜ ਤੱਕ ਤਰੱਕੀ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।
ਮਨਮੋਹਨ ਸਿੰਘ ਘੱਟ ਪਰ ਵਜ਼ਨਦਾਰ ਬੋਲਦੇ ਸਨ: ਪਵਨ ਬਾਂਸਲ
ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਡਾ. ਮਨਮੋਹਨ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨਾਲ ਡਾ. ਮਨਮੋਹਨ ਸਿੰਘ ਦੀ ਕੈਬਨਿਟ ਵਿੱਚ ਸਾਲ 2004 ਤੋਂ 2014 ਤੱਕ ਕੀਤੇ ਗਏ ਕੰਮਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਘੱਟ ਪਰ ਵਜ਼ਨਦਾਰ ਬੋਲਦੇ ਸਨ, ਜਿਨ੍ਹਾਂ ਨੇ ਸਾਲ 1991 ਵਿੱਚ ਭਾਰਤੀ ਅਰਥਚਾਰੇ ਨੂੂੰ ਹੁਲਾਰਾ ਦਿੱਤਾ। ਇਸ ਤੋਂ ਬਾਅਦ 2008 ਵਿੱਚ ਭਾਰਤੀ ਨੂੰ ਆਰਥਿਕ ਮੰਦੀ ਤੋਂ ਵੀ ਬਚਾਇਆ ਸੀ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਇੱਕ ਸਾਧਾਰਨ, ਸੁਝਵਾਨ ਤੇ ਮਿਹਨਤੀ ਆਗੂ ਸਨ, ਜਿਨ੍ਹਾਂ ਦੇ ਜਾਣ ਨਾਲ ਦੇਸ਼ ਨੂੰ ਨਾ ਪੁਰਾ ਹੋਣ ਵਾਲਾ ਘਾਟਾ ਪਿਆ ਹੈ।