ਮਨਜੀਤ ਸਿੰਘ ਗੁਰਦੁਆਰਾ ਗੁਰੂ ਸਿੰਘ ਸਭਾ-29 ਦੇ ਮੁੜ ਪ੍ਰਧਾਨ ਬਣੇ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 29 ਚੰਡੀਗੜ੍ਹ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ ਦੇ ਚੇਅਰਮੈਨ ਤਾਰਾ ਸਿੰਘ ਅਤੇ ਸਕੱਤਰ ਜਨਰਲ ਰਘਬੀਰ ਸਿੰਘ ਰਾਮਪੁਰ ਦੀ ਨਿਗਰਾਨੀ ਹੇਠ ਹੋਈ।
ਇਸ ਚੋਣ ਵਾਸਤੇ ਦੋ ਉਮੀਦਵਾਰਾਂ ਸੁਖਵਿੰਦਰ ਸਿੰਘ ਅਤੇ ਮਨਜੀਤ ਸਿੰਘ ਰਾਜਾ ਵਿਚਾਲ਼ੇ ਮੁਕਾਬਲਾ ਸੀ, ਜਿਸ ਕਰਕੇ ਵੋਟਿੰਗ ਪ੍ਰਕਿਰਿਆ ਹੋਈ ਜਿਸ ਉਪਰੰਤ ਕੁੱਲ 166 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿੱਚੋਂ 112 ਵੋਟਾਂ ਮਨਜੀਤ ਸਿੰਘ ਨੂੰ ਜਦਕਿ 52 ਵੋਟਾਂ ਸੁਖਵਿੰਦਰ ਸਿੰਘ ਨੂੰ ਪਈਆਂ ਅਤੇ ਦੋ ਵੋਟਾਂ ਇਨਵੈਲਿਡ ਹੋ ਗਈਆਂ। ਚੋਣ ਬੋਰਡ ਵੱਲੋਂ ਮਨਜੀਤ ਸਿੰਘ ਨੂੰ ਜੇਤੂ ਕਰਾਰ ਦਿੱਤਾ ਗਿਆ।
ਸੰਗਠਨ ਦੇ ਚੇਅਰਮੈਨ ਸਮੇਤ ਸਮੂਹ ਅਹੁਦੇਦਾਰਾਂ ਨੇ ਪਹਿਲਾਂ ਤੋਂ ਪ੍ਰਧਾਨਗੀ ਦੀ ਸੇਵਾ ਨਿਭਾ ਰਹੇ ਮਨਜੀਤ ਸਿੰਘ ਨੂੰ ਮੁੜ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਅਤੇ ਪ੍ਰਮਾਣ ਪੱਤਰ ਸਮੇਤ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਅਹੁਦੇਦਾਰਾਂ ਨੇ ਦੱਸਿਆ ਕਿ ਮਨਜੀਤ ਸਿੰਘ ਤੀਸਰੀ ਵਾਰ ਲਗਾਤਾਰ ਪ੍ਰਧਾਨ ਚੁਣੇ ਗਏ ਹਨ।
ਇਸ ਮੌਕੇ ਗੁਰਦੁਆਰਾ ਸੰਗਠਨ ਦੇ ਪ੍ਰਧਾਨ ਤਾਰਾ ਸਿੰਘ ਅਤੇ ਸਕੱਤਰ ਜਨਰਲ ਰਘਬੀਰ ਸਿੰਘ ਨੇ ਸਮੁੱਚੀ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਦਿੱਤੀ।