ਪੱਤਰ ਪ੍ਰੇਰਕ
ਚੰਡੀਗੜ੍ਹ, 6 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ-34 (ਸੈਕਟਰ 45-ਸੀ ਅਤੇ ਡੀ) ਵਿੱਚ ਜਨਤਕ ਥਾਵਾਂ ’ਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੱਲੋਂ ਐੱਮਪੀ ਲੈਂਡ ਫੰਡ ਵਿੱਚੋਂ ਲਗਵਾਏ ਗਏ ਸੀਸੀਟੀਵੀ ਕੈਮਰਿਆਂ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚਐੱਸਲੱਕੀ, ਕੌਂਸਲਰ ਗੁਰਪ੍ਰੀਤ ਸਿੰਘ ਗਾਬੀ, ਦਿਲਾਵਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਮਨੀਸ਼ ਤਿਵਾੜੀ ਨੇ ਦੱਸਿਆ ਕਿ ਉਨ੍ਹਾਂ ਨੇ ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਇੱਥੇ ਸੀਸੀਟੀਵੀ ਕੈਮਰਿਆਂ ਦੀ ਲੋੜ ਮਹਿਸੂਸ ਕੀਤੀ ਤਾਂ ਜੋ ਹਰੇਕ ਇਲਾਕੇ ਵਿੱਚ ਅਪਰਾਧੀ ਅਤੇ ਸ਼ਰਾਰਤੀ ਅਨਸਰ ਅਪਰਾਧਿਕ ਗਤੀਵਿਧੀਆਂ ਨਾ ਕਰ ਸਕਣ ਅਤੇ ਲੋਕ ਸੁਰੱਖਿਅਤ ਮਹਿਸੂਸ ਕਰ ਸਕਣ। ਇਸ ਤੋਂ ਇਲਾਵਾ ਜਲਦ ਹੀ ਇੱਥੇ ਬੀਟ ਬਾਕਸ ਲੱਗ ਜਾਵੇਗਾ।
ਕੌਂਸਲਰ ਗੁਰਪ੍ਰੀਤ ਗਾਬੀ ਨੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਦਾ ਕੈਮਰੇ ਲਗਵਾਉਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਿੱਚ ਹਾਊਸਿੰਗ ਬੋਰਡ ਫਲੈਟਾਂ ਦੇ ਅਲਾਟੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਬਾਰੇ ਜਾਣੂ ਕਰਵਾਇਆ ਕਿ ਬੋਰਡ ਵੱਲੋਂ ਉਨ੍ਹਾਂ ਦੀਆਂ ਫਲੈਟਾਂ ਵਿੱਚ ਲੋੜ ਅਨੁਸਾਰ ਉਸਾਰੀ ਅਤੇ ਹੋਰ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਇਸ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਗਾਬੀ ਨੇ ਸੈਕਟਰ-45 ਅਤੇ ਪਿੰਡ ਬੁੜੈਲ ਦੇ ਬਾਜ਼ਾਰ ਵਿੱਚ ਪਾਰਕਿੰਗ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ ਅਤੇ ਬਹੁ-ਮੰਜ਼ਿਲਾ ਪਾਰਕਿੰਗ ਬਣਾਉਣ ਦੀ ਮੰਗ ਵੀ ਕੀਤੀ। ਪਾਰਕਿੰਗ ਦੇ ਮਸਲੇ ਬਾਰੇ ਚੰਡੀਗੜ੍ਹ ਵਪਾਰ ਮੰਡਲ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਉੱਤਮ ਅਤੇ ਸਲਾਹਕਾਰ ਭਾਰਤ ਭੂਸ਼ਣ ਕਪਿਲਾ ਨੇ ਸੰਸਦ ਮੈਂਬਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ। ਕੌਂਸਲਰ ਗਾਬੀ ਨੇ ਕਿਹਾ ਕਿ ਇਹ ਕੰਮ ਸੈਕਟਰ 45-ਸੀ ਅਤੇ ‘ਡੀ’ ਤੋਂ ਸ਼ੁਰੂ ਕੀਤਾ ਗਿਆ ਹੈ ਜਿੱਥੇ ਕਿ 76 ਕੈਮਰੇ ਲਗਾਏ ਗਏ ਹਨ। ਜਲਦ ਹੀ ਵਾਰਡ ਅਧੀਨ ਆਉਂਦੇ ਸੈਕਟਰ 45 ਅਤੇ 46 ਦੇ ਹੋਰ ਇਲਾਕਿਆਂ ਵਿੱਚ ਵੀ ਸੀਸੀਟੀਵੀ ਕੈਮਰੇ ਲਗਾਏ ਜਾਣਗੇ।
ਜਾਟ ਸਭਾ ਦੇ ਵਫ਼ਦ ਵੱਲੋਂ ਤਿਵਾੜੀ ਨਾਲ ਮੁਲਾਕਾਤ
ਜਾਟ ਸਭਾ ਚੰਡੀਗੜ੍ਹ/ਪੰਚਕੂਲਾ ਦੇ ਇੱਕ ਵਫ਼ਦ ਨੇ ਪ੍ਰਧਾਨ ਡਾ. ਐੱਮ.ਐੱਸ. ਮਲਿਕ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਮੁਲਾਕਾਤ ਕੀਤੀ ਅਤੇ ਵੱਖ-ਵੱਖ ਸਮਾਜਿਕ ਮੰਗਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ। ਡਾ. ਮਲਿਕ ਨੇ ਐੱਮ.ਪੀ. ਤਿਵਾੜੀ ਨੂੰ ਬੇਨਤੀ ਕੀਤੀ ਕਿ ਉਹ ਲੋਕ ਸਭਾ ਵਿੱਚ ਅਗਨੀਵੀਰਾਂ ਦੀ ਆਵਾਜ਼ ਬੁਲੰਦ ਕਰਨ ਅਤੇ ਇੱਕ ਪ੍ਰਸਤਾਵ ਲਿਆਉਣ ਕਿ ਅਗਨੀਵੀਰਾਂ ਨੂੰ ਚਾਰ ਸਾਲਾਂ ਦੀ ਬਜਾਏ 15 ਸਾਲਾਂ ਲਈ ਫੌਜ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ, ਕਿਉਂਕਿ ਅਗਨੀਵੀਰਾਂ ਨੂੰ ਸੈਨਿਕਾਂ ਦੀ ਭਰਤੀ ਲਈ ਨਿਰਧਾਰਿਤ ਸਾਰੇ ਮਾਪਦੰਡਾਂ ਨੂੰ ਪੂਰਾ ਕਰਕੇ ਭਰਤੀ ਕੀਤਾ ਜਾਂਦਾ ਹੈ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਜਾਟ ਸਭਾ ਦੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੁੱਦਿਆਂ ’ਤੇ ਸਕਾਰਾਤਮਕ ਕਾਰਵਾਈ ਕਰਨਗੇ।