ਸਪੈਸ਼ਲਿਸਟ ਡਾਕਟਰਾਂ ਤੋਂ ਸੱਖਣਾ ਹੈ ਮਨੀਮਾਜਰਾ ਦਾ ਸਿਵਲ ਹਸਪਤਾਲ
ਕੁਲਦੀਪ ਸਿੰਘ
ਚੰਡੀਗੜ੍ਹ, 11 ਮਾਰਚ
ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸਿਹਤ ਵਿਭਾਗ ਦੀ ਕਥਿਤ ਅਣਦੇਖੀ ਕਰਕੇ ਮਨੀਮਾਜਰਾ ਦਾ ਸਿਵਲ ਹਸਪਤਾਲ ਇਨ੍ਹੀਂ ਦਿਨੀਂ ਸਪੈਸ਼ਲਿਸਟ ਡਾਕਟਰਾਂ ਤੋਂ ਸੱਖਣਾ ਹੈ। ਡਾਕਟਰਾਂ ਦੀ ਅਣਹੋਂਦ ਕਰਕੇ ਇਸ ਇਲਾਕੇ ਦੇ ਮਰੀਜ਼ਾਂ ਨੂੰ ਹੋਰਨਾਂ ਹਸਪਤਾਲਾਂ ਵਿੱਚ ਜਾ ਕੇ ਇਲਾਜ ਕਰਵਾਉਣਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਲਗਭਗ 3 ਲੱਖ ਦੀ ਆਬਾਦੀ ਵਾਲੇ ਇਸ ਖੇਤਰ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਮਰੀਜ਼ਾਂ ਨੂੰ ਇਲਾਜ ਲਈ ਧੱਕੇ ਖਾਣੇ ਪੈ ਰਹੇ ਹਨ ਅਤੇ ਜਾਂ ਫਿਰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣਾ ਪੈ ਰਿਹਾ ਹੈ। ਸਰਜਰੀ, ਈਐੱਨਟੀ ਅਤੇ ਚਮੜੀ ਰੋਗ ਵਿਭਾਗਾਂ ਵਿੱਚ ਮਾਹਿਰ ਡਾਕਟਰ ਨਹੀਂ ਹਨ।
ਮਨੀਮਾਜਰਾ ਇਲਾਕੇ ਦੀ ਨਿਗਮ ਕੌਂਸਲਰ ਦਰਸ਼ਨਾ ਰਾਣੀ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਗਾਬਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਕਰਕੇ ਜੀਐੱਮਐੱਸਐੱਚ.-16 ਵਿੱਚ ਡਾਇਰੈਕਟਰ ਨੂੰ ਮੰਗ ਪੱਤਰ ਵੀ ਦਿੱਤਾ ਪ੍ਰੰਤੂ ਉਹ ਵੀ ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਮਜਬੂਰ ਦਿਖਾਈ ਦਿੱਤੇ। ਕੌਂਸਲਰ ਨੇ ਕਿਹਾ ਕਿ ਜੇਕਰ ਡਾਕਟਰ ਪੂਰੇ ਨਹੀਂ ਕੀਤੇ ਜਾ ਸਕਦੇ ਤਾਂ ਫਿਰ ਇੱਟਾਂ ਦੀ ਇਮਾਰਤ ਖੜ੍ਹੀ ਕਰਨ ਦਾ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ। ਉਨ੍ਹਾਂ ਮੰਗ ਕੀਤੀ ਕਿ ਇੱਥੇ ਸਪੈਸ਼ਲਿਸਟ ਡਾਕਟਰ ਜਲਦ ਪੂਰੇ ਕੀਤੇ ਜਾਣ ਤਾਂ ਜੋ ਮਰੀਜ਼ਾਂ ਦਾ ਇਲਾਜ ਸਹੀ ਸਮੇਂ ’ਤੇ ਹੋ ਸਕੇ।
ਬਲਾਕ ਕਾਂਗਰਸ ਪ੍ਰਧਾਨ ਸੰਜੀਵ ਗਾਬਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਨਾਗਰਿਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਫੋਕੇ ਦਾਅਵੇ ਕਰਨ ਵਾਲਾ ਸਿਹਤ ਵਿਭਾਗ ਜੇਕਰ ਇਸ ਹਸਪਤਾਲ ਵਿੱਚ ਜਲਦ ਤੋਂ ਜਲਦ ਸਪੈਸ਼ਲਿਸਟ ਡਾਕਟਰਾਂ ਦੀ ਤਾਇਨਾਤੀ ਨਾ ਕਰ ਸਕਿਆ ਤਾਂ ਇਸ ਖੇਤਰ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਮਨੀਮਾਜਰਾ ਹਸਪਤਾਲ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਬਾਰੇ ਸੰਪਰਕ ਕਰਨ ’ਤੇ ਡਾਇਰੈਕਟਰ ਡਾ. ਸੁਮਨ ਸਿੰਘ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਕਮੀ ਤਾਂ ਪੂਰੇ ਸਿਹਤ ਵਿਭਾਗ ਦੇ ਧਿਆਨ ਵਿੱਚ ਹੈ।