ਇੱਥੋਂ ਦੇ ਇੱਕ ਹੋਟਲ ਵਿੱਚ ਕਮਰਾ ਲੈਣ ਆਏ ਇੱਕ 50 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਲਿਵਰ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਡੇਰਾਬੱਸੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਨੂਪ ਸਿੰਘ (50) ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ। ਇਹ ਵਿਅਕਤੀ ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਇੱਕ ਹੋਟਲ ਵਿੱਚ ਕਮਰਾ ਲੈਣ ਲਈ ਆਇਆ ਸੀ, ਜਿੱਥੇ ਅਚਾਨਕ ਉਸ ਦੀ ਸਿਹਤ ਵਿਗੜ ਗਈ। ਹੋਟਲ ਸਟਾਫ਼ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਹੈ। ਪੁਲੀਸ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ। ਪਰਿਵਾਰ ਦੇ ਪਹੁੰਚਣ ਤੋਂ ਬਾਅਦ ਪੁਲੀਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਵਿਅਕਤੀ ਪਿਛਲੇ ਚਾਰ ਸਾਲਾਂ ਤੋਂ ਲਿਵਰ ਸਿਰੋਸਿਸ ਦੀ ਬਿਮਾਰੀ ਨਾਲ ਪੀੜਤ ਸੀ।