ਮਜੀਠੀਆ ਗ੍ਰਿਫ਼ਤਾਰੀ ਮਾਮਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੈਪਟਨ ਦੀ ਟਿੱਪਣੀ ’ਤੇ ਕੀਤਾ ਮੋੜਵਾਂ ਵਾਰ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਕੇਸ ਨੁੂੰ 'ਸਿਆਸੀ ਬਦਲਾ' ਦੱਸਦਿਆਂ 'ਆਪ' ਸਰਕਾਰ 'ਤੇ ਟਿੱਪਣੀ ਕੀਤੀ ਸੀ, ਜਿਸ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕੈਪਟਨ ਉਤੇ ਮੋੜਵਾਂ ਵਾਰ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ X 'ਤੇ ਪਾਈ ਪੋਸਟ ਵਿਚ ਲਿਖਿਆ ਹੈ: " ਕੈਪਟਨ ਸਾਹਬ ਅੱਜ ਤੁਹਾਨੁੂੰ ਡਰੱਗ ਤਸਕਰਾਂ ਦੇ ਮਨੁੱਖੀ ਹੱਕਾਂ ਦੀ ਚਿੰਤਾ ਹੋ ਗਈ, ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ਼-ਤੜਫ਼ ਕੇ ਮਰ ਰਹੇ ਸੀ, ਉਸ ਵੇਲੇ ਤੁਸੀਂ ਮਹਿਫ਼ਲਾਂ ਵਿੱਚ ਬੇੈਠੇ ਸੀ। ਹੁਣ ਪੰਜਾਬ ਨੁੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਹੈ, ਪਰ ਅਫ਼ਸੋਸ ਬਹੁਤ ਕੁਝ ਗਵਾ ਕੇ। ਭਾਜਪਾ ਹੁਣ ਤੁਹਾਡੇ ਬਿਆਨ ਨੁੂੰ ਨਿੱਜੀ ਕਹਿ ਕੇ ਖਹਿੜਾ ਛੁਡਾਏਗੀ, ਗੁਟਕਾ ਸਾਹਿਬ ਜੀ ਦੀ ਸਹੁੰ ਕਿੱਥੇ ਗਈ?"
ਕੈਪਟਨ ਸਾਹਬ ਅੱਜ ਤੁਹਾਨੂੰ ਡਰੱਗ ਤਸਕਰਾਂ ਦੇ ਮਾਨਵ ਅਧਿਕਾਰਾਂ ਦੀ ਚਿੰਤਾ ਹੋ ਗਈ..ਜਦੋਂ ਲੋਕਾਂ ਦੇ ਪੁੱਤ ਥੋਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਵਿੱਚ ਤੜਫ ਤੜਫ ਮਰ ਰਹੇ ਸੀ ਓਸ ਵੇਲੇ ਤੁਸੀਂ ਮਹਿਫ਼ਲਾਂ ਚ ਬੈਠੇ ਸੀ..ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫ਼ਸੋਸ ਬਹੁਤ ਕੁੱਝ ਗਵਾ ਕੇ…ਭਾਜਪਾ ਹੁਣ ਤੁਹਾਡੇ…
— Bhagwant Mann (@BhagwantMann) July 26, 2025
ਗ਼ੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦਿਆਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਕੀਤੀ ਕਾਰਵਾਈ ਨੁੂੰ ਸਿਆਸੀ ਬਦਲਾ ਕਰਾਰ ਦਿੱਤਾ ਸੀ। ਉਨ੍ਹਾਂ ਇਸ ਕਾਰਵਾਈ ਦੀ ਨਿੰਦਾ ਕੀਤੀ ਸੀ।
ਅੰਗਰੇਜ਼ੀ ਵਿਚ ਪਾਈ ਆਪਣੀ ਫੇਸਬੁੱਕ ਪੋਸਟ ਵਿਚ ਕੈਪਟਨ ਨੇ ਕਿਹਾ ਕਿ 'ਆਪ' ਸਰਕਾਰ "ਇਹ ਮੰਨਦੀ ਹੈ ਕਿ ਸਸਤੇ ਢੰਗ ਨਾਲ ਚੀਜ਼ਾਂ ਨੂੰ ਸਨਸਨੀਖੇਜ਼ ਬਣਾਉਣਾ, ਸਿਆਸੀ ਬਦਲਾਖੋਰੀ ਅਤੇ ਬੇਰਹਿਮ ਦਮਨ ਸ਼ਾਸਨ ਦਾ ਬਦਲ ਹਨ"।
ਉਨ੍ਹਾਂ ਕਿਹਾ, "ਪੰਜਾਬ ਨੇ ਕਦੇ ਵੀ ਲੋਕਤੰਤਰ 'ਤੇ ਅਜਿਹਾ ਘਿਨਾਉਣਾ ਹਮਲਾ ਨਹੀਂ ਦੇਖਿਆ, ਜਿੱਥੇ ਉਨ੍ਹਾਂ ਦੇ ਕੁਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਆਲੋਚਕਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ, ਝੂਠੇ ਦੋਸ਼ ਲਗਾਏ ਜਾ ਰਹੇ ਹਨ ਅਤੇ ਚੁੱਪ ਕਰਵਾਇਆ ਜਾ ਰਿਹਾ ਹੈ।"
ਕੈਪਟਨ ਨੇ ਦੋਸ਼ ਲਾਉਂਦਿਆਂ ਕਿਹਾ, "ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾ ਕੇ ਪਰੇਸ਼ਾਨ ਕਰਨਾ, ਉਨ੍ਹਾਂ ਦੀਆਂ ਅਣਮਨੁੱਖੀ ਚਾਲਾਂ ਦੀ ਇੱਕ ਹੈਰਾਨਕੁਨ ਮਿਸਾਲ ਹੈ। ਮੈਂ ਇਸ ਰਾਜਨੀਤਿਕ ਜ਼ੁਲਮ ਦੀ ਸਖ਼ਤ ਨਿੰਦਾ ਕਰਦਾ ਹਾਂ। ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਿਆ ਜਾ ਰਿਹਾ ਹੈ, ਅਸਹਿਮਤੀ ਨੂੰ ਦਬਾਇਆ ਜਾ ਰਿਹਾ ਹੈ ਅਤੇ ਪੰਜਾਬ ਨੂੰ ਦਿੱਲੀ ਤੋਂ ਇੱਕ ਮਾਫੀਆ ਕਾਰਵਾਈ ਵਾਂਗ ਰਿਮੋਟਲੀ ਕੰਟਰੋਲ ਕੀਤਾ ਜਾ ਰਿਹਾ ਹੈ।"