ਭਿਵਾਨੀ ’ਚ ਹੋਵੇਗਾ ਮਹਾਰਾਜਾ ਦਕਸ਼ ਦਾ ਜੈਯੰਤੀ ਸਮਾਰੋਹ: ਗੰਗਵਾ
ਸਰਬਜੀਤ ਸਿੰਘ ਭੱਟੀ
ਅੰਬਾਲਾ, 28 ਜੂਨ
ਹਰਿਆਣਾ ਦੇ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ 13 ਜੁਲਾਈ ਨੂੰ ਭਿਵਾਨੀ ਵਿੱਚ ਮਹਾਰਾਜਾ ਦਕਸ਼ ਪ੍ਰਜਾਪਤੀ ਦੀ ਜੈਯੰਤੀ ਸੂਬਾ ਪੱਧਰ ’ਤੇ ਮਨਾਈ ਜਾਵੇਗੀ। ਇਸ ਸਮਾਗਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦੋਂਕਿ ਕਈ ਹੋਰ ਮੰਤਰੀ, ਵਿਧਾਇਕ ਤੇ ਸ਼ਖ਼ਸੀਅਤਾਂ ਵੀ ਪੁੱਜਣਗੀਆਂ।
ਸ੍ਰੀ ਗੰਗਵਾ ਨੇ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਸੰਤਾਂ ਤੇ ਮਹਾਨ ਸ਼ਖ਼ਸੀਅਤਾਂ ਦੀਆਂ ਜੈਯੰਤੀਆਂ ਨੂੰ ਸੂਬਾ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਅੰਤਿਮ ਵਿਅਕਤੀ ਤੱਕ ਨਿਆਂ ਪਹੁੰਚਾਉਣ ਦੇ ਮੰਤਵ ’ਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਪ੍ਰਜਾਪਤੀ ਸਮਾਜ ਦੇ ਯੋਗ ਨੌਜਵਾਨਾਂ ਨੂੰ ਨੌਕਰੀਆਂ ਤੋਂ ਵਾਂਝਾ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਮਹਾਗ੍ਰਾਮ ਯੋਜਨਾ ਤਹਿਤ 10 ਹਜ਼ਾਰ ਤੋਂ ਵੱਧ ਆਬਾਦੀ ਵਾਲੇ ਪਿੰਡਾਂ ਵਿੱਚ ਸ਼ਹਿਰੀ ਤਰ੍ਹਾਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਪ੍ਰਜਾਪਤੀ ਸਮਾਜ ਦੇ ਲੋਕਾਂ ਵੱਲੋਂ ਮੰਤਰੀ ਦਾ ਭਰਵਾਂ ਸਵਾਗਤ ਕੀਤਾ ਗਿਆ।