ਰੇਤੇ ਦੀ ਖੱਡ ਸ਼ੁਰੂ ਕਰਨ ਦਾ ਇਲਾਕਾ ਵਾਸੀਆਂ ਵਲੋਂ ਵਿਰੋਧ
ਐਸਡੀਓ ਨੇ ਮੌਕੇ ’ਤੇ ਹੀ ਮਾਈਨਿੰਗ ਸਾਈਟ ਬੰਦ ਕਰਨ ਸਬੰਧੀ ਕਾਰਜਕਾਰੀ ਇੰਜਨੀਅਰ ਨੂੰ ਕੀਤੀ ਸਿਫਾਰਸ਼
ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਡ ਦਾਊਦਪੁਰ ਨੇੜੇ ਪਿੰਡ ਮੁਲਾਣਾ (ਬੇਚਰਾਗ ਮੋਜਾ ) ਵਿਖੇ ਸਤਲੁਜ ਦਰਿਆ ਵਿੱਚ ਮਾਈਨਿੰਗ ਵਿਭਾਗ ਵੱਲੋਂ ਰੇਤੇ ਦੀ ਸਰਕਾਰੀ ਖੱਡ ਸ਼ੁਰੂ ਕਰਨ ਦਾ ਇਲਾਕੇ ਦੇ ਲੋਕਾਂ ਵੱਲੋ ਸਖ਼ਤ ਵਿਰੋਧ ਕੀਤਾ ਗਿਆ, ਜਿਸ ਕਾਰਨ ਵਿਭਾਗੀ ਅਧਿਕਾਰੀਆਂ ਵੱਲੋਂ ਰੇਤ ਚੁੱਕਣ ਲਈ ਸੱਦੇ ਗਏ ਟਰੈਕਟਰ ਟਰਾਲੀ ਚਾਲਕਾਂ ਨੂੰ ਖਾਲੀ ਵਾਪਸ ਜਾਣਾ ਪਿਆ।
ਯੂਥ ਆਗੂ ਲਖਵੀਰ ਸਿੰਘ ਹਾਫਿਜ਼ਾਬਾਦ, ਖੁਸ਼ਇਦਰ ਸਿੰਘ ਕਾਕਾ, ਕਿਸਾਨ ਆਗੂ ਜਗੀਰ ਸਿੰਘ ਕਿਸਾਨ ਅਤੇ ਜੁਝਾਰ ਸਿੰਘ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਵਧੇ ਪਾਣੀ ਨੇ ਪਿੰਡ ਦਾਉਦਪੁਰ ਨੇੜੇ ਦਰਿਆ ਦੇ ਬੰਨ੍ਹ ਨੂੰ ਢਾਹ ਲਗਾਈ ਸੀ, ਜਿਸ ਨੂੰ ਚਮਕੌਰ ਸਾਹਿਬ ਇਲਾਕੇ ਤੋਂ ਇਲਾਵਾ ਪਟਿਆਲਾ, ਫਤਿਹਗੜ੍ਹ ਸਾਹਿਬ, ਮਾਛੀਵਾੜਾ ਸਾਹਿਬ, ਮੁਹਾਲੀ, ਖਰੜ ਅਤੇ ਹੋਰ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਗਾਤਾਰ ਦੋ ਹਫਤੇ ਮਿੱਟੀ ਦੀਆਂ ਟਰਾਲੀਆਂ ਅਤੇ ਮਿੱਟੀ ਦੇ ਥੈਲੇ ਭਰ ਕੇ ਢਾਹ ਵਾਲੀ ਜਗ੍ਹਾ ਤੇ ਲਗਾ ਕੇ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਸੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਫੌਜ ਦੀ ਸਹਾਇਤਾ ਵੀ ਲੈਣੀ ਪਈ ਸੀ, ਪ੍ਰੰਤੂ ਮਾਈਨਿੰਗ ਵਿਭਾਗ ਵੱਲੋਂ ਹੁਣ ਫੇਰ ਉਸੇ ਥਾਂ ਤੇ ਰੇਤੇ ਦਾ ਨਿਕਾਸੀ ਸ਼ੁਰੂ ਕੀਤੀ ਜਾਣ ਲੱਗੀ ਸੀ, ਜਿਸ ਦੀ ਭਿਣਕ ਇਲਾਕੇ ਦੇ ਲੋਕਾਂ ਨੂੰ ਲੱਗਣ ਤੇ ਇਲਾਕਾ ਨਿਵਾਸੀਆ ਨੇ ਮੌਕੇ ਤੇ ਇਕੱਠੇ ਹੋ ਕੇ ਵਿਭਾਗ ਦੇ ਜੇ. ਈ. ਅਤੇ ਬੇਲਦਾਰ ਦਾ ਸਖਤ ਵਿਰੋਧ ਕੀਤਾ ਤਾਂ ਉਨ੍ਹਾਂ ਵੱਲੋ ਐੱਸਡੀਓ. ਨਿਸ਼ਾਤ ਕੁਮਾਰ ਨੂੰ ਮੌਕੇ ਤੇ ਬੁਲਾਇਆ ਗਿਆ। ਇਸ ਮੌਕੇ ਰੇਤ ਭਰਨ ਲਈ ਟਰੈਕਟਰ ਟਰਾਲੀਆਂ ਲੈ ਕੇ ਪੁੱਜੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਈਨਿੰਗ ਵਿਭਾਗ ਦੇ ਜੇਈ ਵੱਲੋਂ ਰੇਤ ਦੀ ਖੱਡ ਸ਼ੁਰੂ ਕਰਨ ਸਬੰਧੀ ਸੂਚਿਤ ਕਰਕੇ ਇੱਥੇ ਬੁਲਾਇਆ ਗਿਆ ਹੈ।
ਮਾਈਨਿੰਗ ਵਿਭਾਗ ਦੇ ਐੱਸਡੀਓ ਨਿਸ਼ਾਂਤ ਕੁਮਾਰ ਵੱਲੋਂ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਅੱਜ ਜਦੋਂ ਅਧਿਕਾਰੀਆਂ ਵੱਲੋਂ ਪਿੰਡ ਮੁਲਾਣਾ ਵਿਖੇ ਪਬਲਿਕ ਮਾਈਨਿੰਗ ਸਾਈਟ ਸ਼ੁਰੂ ਕੀਤੀ ਗਈ ਤਾਂ ਇਲਾਕਾ ਨਿਵਾਸੀਆਂ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੇ ਜ਼ਬਰਦਸਤ ਵਿਰੋਧ ਪ੍ਰਗਟ ਕੀਤਾ ਗਿਆ ਜਿਸ ਉਪਰੰਤ ਉਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ। ਇਲਾਕਾ ਨਿਵਾਸੀਆਂ ਦੀ ਮੰਗ ਅਨੁਸਾਰ ਅਤੇ ਸਾਈਟ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਇਸ ਪਬਲਿਕ ਮਾਈਨਿੰਗ ਸਾਈਟ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸਡੀਓ ਨਿਸ਼ਾਂਤ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਕਾਨੂੰਨ ਅਨੁਸਾਰ ਸਰਵੇ ਕੀਤਾ ਗਿਆ ਹੈ ਪ੍ਰੰਤੂ ਜੇਕਰ ਇਲਾਕੇ ਦੇ ਲੋਕਾਂ ਨੂੰ ਉਕਤ ਥਾਂ 'ਤੇ ਰੇਤੇ ਦੀ ਖੱਡ ਮਨਜ਼ੂਰ ਨਹੀਂ ਹੈ ਤਾਂ ਉਹ ਇਸ ਸਬੰਧੀ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਵਿਭਾਗ ਦੇ ਜੂਨੀਅਰ ਇੰਜੀਨੀਅਰ ਕਨਵ ਕੁਮਾਰ, ਕਿਸਾਨ ਆਗੂ ਕਰਨੈਲ ਸਿੰਘ ਰਸੀਦਪੁਰ, ਜਸਪ੍ਰੀਤ ਸਿੰਘ ਜੱਸਾ, ਜਤਿੰਦਰਪਾਲ ਸਿੰਘ ਜਿੰਦੂ , ਜਰਨੈਲ ਸਿੰਘ, ਅਮਰੀਕ ਸਿੰਘ ਜਸਵਿੰਦਰ ਸਿੰਘ ਅਤੇ ਮਨਿੰਦਰ ਸਿੰਘ ਆਦਿ ਹਾਜ਼ਰ ਸਨ।

