ਪੰਜਾਬ ਦੀ ਸਰਕਾਰੀ ਸੰਸਥਾ ’ਚ ਲੀਵਰ ਟਰਾਂਸਪਲਾਂਟ ਸਰਜਰੀ
w ਮੁਹਾਲੀ ਦੀ ਪੀ ਆਈ ਐੱਲ ਬੀ ਐੱਸ ਨੇ ਇਤਿਹਾਸ ਰਚਿਆ; 27 ਨਵੰਬਰ ਨੂੰ ਹੋਈ ਸਰਜਰੀ ਮਗਰੋਂ ਮਰੀਜ਼ ਤੰਦਰੁਸਤ: ਸਿਹਤ ਮੰਤਰੀ
ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਪੰਜਾਬ ਇੰਸਟੀਚਿਊਟ ਆਫ਼ ਲੀਵਰ ਐਂਡ ਬਿਲੀਅਰੀ ਸਾਇੰਸਿਜ਼ ’ਚ ਪਹਿਲੀ ਸਫ਼ਲ ਲੀਵਰ ਟਰਾਂਸਪਲਾਂਟ ਸਰਜਰੀ ਕਰਕੇ ਇਤਿਹਾਸ ਰਚਿਆ ਹੈ।
ਟਰਾਂਸਪਲਾਂਟ ਵਾਲੇ ਮਰੀਜ਼ ਨੂੰ ਮੀਡੀਆ ਦੇ ਸਨਮੁੱਖ ਕਰਦਿਆਂ, ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਸੰਸਥਾ ਵਿੱਚ ਇੰਨੀ ਜਟਿਲ ਅਤੇ ਸੰਵੇਦਨਸ਼ੀਲ ਸਰਜਰੀ ਸਫ਼ਲਤਾਪੂਰਕ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਹ ਜ਼ਿੰਦਗੀ ਬਚਾਉਣ ਵਾਲਾ ਇਲਾਜ ਮਰੀਜ਼ ਨੂੰ ਕਰੀਬ 12 ਲੱਖ ਰੁਪਏ ’ਚ ਮੁਹੱਈਆ ਕਰਵਾਇਆ ਗਿਆ ਹੈ, ਜਦ ਕਿ ਨਿੱਜੀ ਹਸਪਤਾਲਾਂ ’ਚ ਇਸ ’ਤੇ 45 ਤੋਂ 50 ਲੱਖ ਰੁਪਏ ਲੱਗਦੇ ਹਨ। ਇਹ ਸਰਜਰੀ 27 ਨਵੰਬਰ ਨੂੰ ਕੀਤੀ ਗਈ ਸੀ ਤੇ ਮਰੀਜ਼ ਦੀ ਹਾਲਤ ਬਿਲਕੁਲ ਠੀਕ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਅਗਲੇ ਇੱਕ-ਦੋ ਦਿਨਾਂ ਵਿੱਚ ਛੁੱਟੀ ਮਿਲਣ ਦੀ ਉਮੀਦ ਹੈ। ਸਿਹਤ ਮੰਤਰੀ ਨੇ ਸੰਸਥਾ ਦੇ ਡਾਇਰੈਕਟਰ ਅਤੇ ਹੈਪਾਟੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਵੀਰੇਂਦਰ ਸਿੰਘ ਅਤੇ ਲੀਵਰ ਟਰਾਂਸਪਲਾਂਟ ਤੇ ਹੈਪਾਟੋਬਿਲੀਅਰੀ ਸਰਜਰੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਕੇ. ਰਾਜਸ਼ੇਖਰ ਦੀ ਅਗਵਾਈ ਹੇਠ ਮੈਡੀਕਲ ਟੀਮ ਨੂੰ ਵਧਾਈ ਦਿੰਦਿਆਂ, ਇਸ ਸਫ਼ਲਤਾ ਨੂੰ ਸੰਸਥਾ ਲਈ ਮੀਲ ਪੱਥਰ ਕਰਾਰ ਦਿੱਤਾ। ਡਾ. ਬਲਬੀਰ ਸਿੰਘ ਨੇ ਪੀ ਜੀ ਆਈ ਚੰਡੀਗੜ੍ਹ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰਿਆਣਾ ਦੇ ਇੱਕ ਬ੍ਰੇਨ ਡੈੱਡ ਵਿਅਕਤੀ ਤੋਂ ਅੰਗ ਉਪਲਬਧ ਕਰਵਾਇਆ। ਉਨ੍ਹਾਂ ਨੇ ਅੰਗ ਦਾਨ ਕਰਨ ਵਾਲੇ ਪਰਿਵਾਰ ਦਾ ਵੀ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਇੰਸਟੀਚਿਊਟ ਆਫ਼ ਲੀਵਰ ਐਂਡ ਬਿਲੀਅਰੀ ਸਾਇੰਸਿਜ਼ ਪੂਰਨ ਇਲਾਜ, ਅਧੁਨਿਕ ਇਲਾਜ ਪ੍ਰਕਿਰਿਆਵਾਂ ਅਤੇ 24 ਘੰਟੇ ਐਮਰਜੈਂਸੀ ਅਤੇ ਆਈ ਸੀ ਯੂ ਸਹੂਲਤਾਂ ਉਪਲਬਧ ਕਰਵਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਸੈਕੰਡਰੀ ਅਤੇ ਟ੍ਰਸ਼ਰੀ ਸਿਹਤ ਸਹੂਲਤਾਂ ਨਾਲ ਲੈਸ ਕਰ ਰਹੀ ਹੈ, ਜਿਨ੍ਹਾਂ ਵਿੱਚ ਨਿਊਰੋ ਤੇ ਕਾਰਡੀਓ ਲੈਬ ਵੀ ਸ਼ਾਮਲ ਹਨ। ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਗਲੇ ਸਾਲ ਤੱਕ ਪੰਜਾਬ ਦੀ ਪਹਿਲੀ ਸਰਕਾਰੀ ਸੰਸਥਾ ਬਣ ਜਾਵੇਗੀ, ਜਿੱਥੇ ਗੁਰਦਾ ਟਰਾਂਸਪਲਾਂਟ ਦੀ ਸਹੂਲਤ ਉਪਲਬਧ ਹੋਵੇਗੀ।

