ਮਾਈਕਰੋਹਾਈਡਲ ਨਹਿਰ ਵਿੱਚ ਲੀਕੇਜ: ਕਸੂਤੇ ਫਸੇ ਥਰਮਲ ਪਲਾਂਟ ਦੇ ਅਧਿਕਾਰੀ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਮਾਈਕਰੋਹਾਈਡਲ ਚੈਨਲ ਨਹਿਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਥਰਮਲ ਪਲਾਂਟ ਦੇ ਬੁਆਇਲਰਾਂ ਨੂੰ ਠੰਢਾ ਕਰਨ ਲਈ ਵਰਤੇ ਜਾਂਦੇ ਪਾਣੀ ਦੇ ਨਿਕਾਸ ਲਈ ਬਣਾਈ ਗਈ ਇਹ ਨਹਿਰ ਸਤਲੁਜ ਦਰਿਆ ਵੱਲ ਜਾਂਦੀ ਹੈ ਅਤੇ ਇਸ ਨਹਿਰ ’ਤੇ ਛੋਟਾ ਪਾਵਰ ਪਲਾਂਟ ਵੀ ਲੱਗਿਆ ਹੋਇਆ ਹੈ। ਪਿੰਡ ਰਣਜੀਤਪੁਰਾ ਦੇ ਸਾਬਕਾ ਪੰਚ ਅਤੇ ਮੌਜੂਦਾ ਸਰਪੰਚ ਦੇ ਪਤੀ ਜਰਨੈਲ ਸਿੰਘ, ਅੰਮ੍ਰਿਤਪਾਲ ਸਿੰਘ, ਸੁਰਮੁੱਖ ਸਿੰਘ, ਦਰਸ਼ਨ ਸਿੰਘ, ਪੂਰਨ ਸਿੰਘ ਤੇ ਬਲਬੀਰ ਸਿੰਘ ਆਦਿ ਨੇ ਦੱਸਿਆ ਕਿ ਜਦੋਂ ਦੀ ਇਹ ਨਹਿਰ ਬਣੀ ਹੈ, ਉਦੋਂ ਤੋਂ ਹੁਣ ਤੱਕ ਕਈ ਵਾਰ ਟੁੱਟ ਕੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰ ਚੁੱਕੀ ਹੈ, ਪਰ ਕਦੀ ਵੀ ਥਰਮਲ ਪ੍ਰਬੰਧਕਾਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਤੱਕ ਲੋਕਾਂ ਨੂੰ ਇੱਕ ਧੇਲਾ ਰਕਮ ਵੀ ਮੁਆਵਜ਼ੇ ਵਜੋਂ ਨਹੀਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਪਟਵਾਰੀ ਗਿਰਦਾਵਰੀ ਕਰਕੇ ਗਿਆ ਸੀ, ਪਰ ਉਸ ਦਾ ਵੀ ਹੁਣ ਤੱਕ ਕੁਝ ਨਹੀਂ ਬਣਿਆ। ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੇ ਪਿੰਡ ਕੋਲ ਨਹਿਰ ’ਚੋਂ ਪਾਣੀ ਦੀ ਥੋੜ੍ਹੀ ਥੋੜ੍ਹੀ ਲੀਕੇਜ ਹੋ ਰਹੀ ਸੀ, ਜਿਸ ਸਬੰਧੀ ਬਹੁਤ ਵਾਰੀ ਥਰਮਲ ਪਲਾਂਟ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ, ਪਰ ਅਧਿਕਾਰੀ ਉਸ ਲੀਕੇਜ ਨੂੰ ਨਹਿਰ ਦਾ ਪਾਣੀ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਦੋ ਕੁ ਦਿਨ ਪਹਿਲਾਂ ਲੀਕੇਜ ਵਧ ਕੇ ਨਹਿਰ ਦੀ ਪਟੜੀ ਤੱਕ ਜਾ ਪੁੱਜੀ ਤਾਂ ਪਲਾਂਟ ਦੇ ਅਧਿਕਾਰੀਆਂ ਨੇ ਨਹਿਰ ਦਾ ਪਾਣੀ ਬੰਦ ਕਰਕੇ ਸਿਰਸਾ ਨਦੀ ਵੱਲ ਨਹਿਰ ਦੇ ਪਾਣੀ ਦੇ ਗੇਟ ਖੋਲ੍ਹ ਦਿੱਤੇ ਹਨ ਅਤੇ ਪਲਾਂਟ ਦੇ ਚਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਮੰਗ ਕੀਤੀ ਨਹਿਰ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ ਨਹਿਰ ਟੁੱਟਣ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉੱਧਰ ਪਿੰਡ ਆਸਪੁਰ ਦੇ ਸਾਬਕਾ ਸਰਪੰਚ ਰਣਬੀਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਥਰਮਲ ਪਲਾਂਟ ਦੀ ਨਹਿਰ ਵਿੱਚ ਕੋਈ ਨੁਕਸ ਪੈਂਦਾ ਹੈ ਤਾਂ ਥਰਮਲ ਪ੍ਰਬੰਧਕ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਨ੍ਹਾਂ ਦੀਆਂ ਜ਼ਮੀਨਾਂ ਵੱਲ ਨਹਿਰ ਦੇ ਪਾਣੀ ਦੇ ਗੇਟ ਖੋਲ੍ਹ ਕੇ ਉਨ੍ਹਾਂ ਦੀਆਂ ਫ਼ਸਲਾਂ ਉਜਾੜ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਕਿਸਾਨਾਂ ਵੱਲੋਂ ਥਰਮਲ ਪ੍ਰਬੰਧਕਾਂ ਦੀ ਇਸ ਧੱਕੇਸ਼ਾਹੀ ਵਿਰੁੱਧ ਅਦਾਲਤ ’ਚ ਕੇਸ ਵੀ ਪਾਇਆ ਹੋਇਆ ਹੈ ਤੇ ਅਦਾਲਤ ਸਟੇਅ ਦੇ ਬਾਵਜੂਦ ਥਰਮਲ ਪ੍ਰਬੰਧਕਾਂ ਨੇ ਨਹਿਰ ਦੇ ਗੇਟ ਖੋਲ੍ਹ ਕੇ ਫਸਲਾਂ ਉਜਾੜ ਦਿੱਤੀਆਂ ਹਨ।
ਹੰਗਾਮੀ ਹਾਲਾਤਾਂ ਵਿੱਚ ਗੇਟ ਖੋਲ੍ਹਣਾ ਥਰਮਲ ਪ੍ਰਸ਼ਾਸਨ ਦੀ ਮਜਬੂਰੀ: ਮੁੱਖ ਇੰਜਨੀਅਰ
ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਨਹਿਰ ਬਣਨ ਤੋਂ ਪਹਿਲਾਂ ਥਰਮਲ ਪਲਾਂਟ ਦਾ ਪਾਣੀ ਜਿਸ ਰਸਤੇ ਰਾਹੀਂ ਜਾਂਦਾ ਸੀ, ਹੰਗਾਮੀ ਹਾਲਾਤਾਂ ਦੌਰਾਨ ਉਸੇ ਰਸਤੇ ਪਾਣੀ ਛੱਡਣਾ ਉਨ੍ਹਾਂ ਦੀ ਮਜ਼ਬੂਰੀ ਹੈ ਕਿਉਂਕਿ ਪਿੰਡ ਨੇੜੇ ਨਹਿਰ ਟੁੱਟਣ ਦੀ ਸੂਰਤ ਵਿੱਚ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਹੈ, ਜਦੋਂ ਕਿ ਇੱਧਰ ਵੱਲ ਪਾਣੀ ਨੇ ਪਹਿਲਾਂ ਹੀ ਆਪਣਾ ਰਸਤਾ ਬਣਾਇਆ ਹੋਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਟਿਆਲਾ ਤੋਂ ਤਕਨੀਕੀ ਮਾਹਿਰਾਂ ਦੀ ਟੀਮ ਆਉਣ ਉਪਰੰਤ ਨਹਿਰ ਦੀ ਲੋੜੀਂਦੀ ਮੁਰੰਮਤ ਕਰਕੇ ਨਹਿਰ ਨੂੰ ਮੁੜ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨਹਿਰ ਕਾਰਨ ਯੂਨਿਟ ਬੰਦ ਹੋਣ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਪਲਾਂਟ ਦੇ ਯੂਨਿਟ ਬਿਜਲੀ ਦੀ ਮੰਗ ਨਾ ਹੋਣ ਕਾਰਨ ਬੰਦ ਕੀਤੇ ਗਏ ਹਨ।