ਗੁਰੂ ਤੇਗ ਬਹਾਦਰ ਸਾਹਿਬ, ਭਾਈ ਸਤੀ ਦਾਸ, ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਅਤੇ ਵਰਲਡ ਸਿੱਖ ਅਲਾਇੰਸ ਅੰਤਰਰਾਸ਼ਟਰੀ ਫਾਊਂਡੇਸ਼ਨ ਯੂ ਐੱਸ ਏ ਵੱਲੋਂ, ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ‘ਆਓ ਦਸਤਾਰਾਂ ਸਜਾਈਏ’ ਮੁਹਿੰਮ ਤਹਿਤ ਦਸਤਾਰ ਲੰਗਰ ਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ।
ਪ੍ਰਧਾਨ ਡਾ. ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਕੈਂਪ ਦੌਰਾਨ ਵੱਡੀ ਗਿਣਤੀ ਬੱਚਿਆਂ ਤੇ ਨੌਜਵਾਨਾਂ ਨੇ ਦਸਤਾਰ ਸਜਾਉਣ ਦੀ ਸਿਖਲਾਈ ਲਈ।
ਸੈਂਕੜੇ ਨੌਜਵਾਨਾਂ ਨੂੰ ਪੱਕੇ ਤੌਰ ਸਾਬਤ ਸੂਰਤ ਹੋਣ ’ਤੇ ਦਸਤਾਰਾਂ ਨਾਲ ਸਨਮਾਨਿਆ ਗਿਆ। ਗੁਰਬਾਣੀ ਅਤੇ ਸੰਖੇਪ ਇਤਿਹਾਸ ਸਬੰਧੀ ਜਾਣਕਾਰੀ ਦੇਣ ਵਾਲੇ ਬੱਚਿਆਂ ਨੂੰ ਵੀ ਮੈਡਲ, ਪ੍ਰਸ਼ੰਸਾ ਪੱਤਰ ਤੇ ਦਸਤਾਰਾਂ ਦੇ ਨਾਲ ਸਨਮਾਨ ਦਿੱਤਾ ਗਿਆ।
ਦਸਤਾਰ ਕੈਂਪ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਟੇਕ ਸਿੰਘ ਧਨੌਲਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਹਾਜ਼ਰੀ ਭਰੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨ ਪੀੜ੍ਹੀ ਨੂੰ ਦਸਤਾਰ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਭਾਗੋਮਾਜਰਾ ’ਚ ਦਸਤਾਰ ਅਤੇ ਗੁਰਬਾਣੀ ਕੰਠ ਮੁਕਾਬਲੇ
ਐੱਸ ਏ ਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਗੁਰੂ ਤੇਗ ਬਹਾਦਰ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਭਾਈ ਘਨੱਈਆ ਸੇਵਕ ਕਲੱਬ ਭਾਗੋਮਾਜਰਾ (ਬੈਰੋਂਪੁਰ) ਨੇ ਗੁਰਬਾਣੀ ਕੰਠ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਗੁਰਦੁਆਰਾ ਸਾਹਿਬ ਭਾਗੋ ਮਾਜਰਾ ਵਿਖੇ ਕਰਵਾਏ। ਇਨ੍ਹਾਂ ਮੁਕਾਬਲਿਆਂ ਵਿਚ 20 ਪਿੰਡਾਂ ਦੇ ਸੈਂਕੜੇ ਬੱਚਿਆਂ ਨੇ ਭਾਗ ਲਿਆ। ਅਰਪਾਲ ਸਿੰਘ ਧੀਰਪੁਰ, ਮਨਜੋਤ ਕੌਰ ਮਜਾਤ, ਮਨਪ੍ਰੀਤ ਸਿੰਘ ਗੁਡਾਣਾ, ਏਕਨੂਰ ਸਿੰਘ ਸੰਤੇ ਮਾਜਰਾ, ਸਾਹਿਬ ਸਿੰਘ ਖਰੜ, ਹਰਨਵ ਸਿੰਘ ਨੰਗਲ (ਫੈਜ਼ਗੜ ), ਗੁਰਜਾਪ ਕੌਰ ਭਾਗੋਮਾਜਰਾ, ਅਰਮਾਨ ਸਿੰਘ ਮਾਣਕ ਮਾਜਰਾ, ਗੁਰਬਾਣੀ ਕੰਠ ਮੁਕਾਬਲਿਆਂ ਵਿਚ ਅੱਵਲ ਰਹੇ। ਇਸੇ ਤਰ੍ਹਾਂ ਦਸਤਾਰ ਮੁਕਾਬਲਿਆ ਵਿਚ ਬਲਵਿੰਦਰ ਸਿੰਘ ਭਾਗੋ ਮਾਜਰਾ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁਰਸ਼ਰਨ ਸਿੰਘ, ਅੰਮ੍ਰਿਤਪਾਲ ਸਿੰਘ, ਏਕਮ ਸਿੰਘ, ਰਾਜਵੀਰ ਸਿੰਘ, ਦਿਲਪ੍ਰੀਤ ਸਿੰਘ ਵੀ ਜੇਤੂ ਰਹੇ। ਛੋਟੀ ਉਮਰ ਦੇ ਦਸਤਾਰ ਮੁਕਾਬਲਿਆ ਵਿਚ ਪਰਵਿੰਦਰ ਸਿੰਘ, ਪਵਨਜੋਤ ਸਿੰਘ, ਵਿਕਰਮ ਸਿੰਘ, ਅਗਮਜੋਤ ਸਿੰਘ, ਨਵਜੋਤ ਸਿੰਘ, ਜੌਹਰਵੀਰ ਸਿੰਘ ਜੇਤੂ ਰਹੇ। ਦੁਮਾਲੇ ਮੁਕਾਬਲਿਆ ਵਿਚ ਹਰਸ਼ਪ੍ਰੀਤ ਸਿੰਘ, ਸਿਮਰਨ ਕੌਰ ਜੇਤੂ ਰਹੇ। ਅਗਮਪ੍ਰੀਤ ਸਿੰਘ ਤੇ ਅਰਮਾਨ ਸਿੰਘ ਦਾ ਸਨਮਾਨ ਕੀਤਾ ਗਿਆ। ਪਿੰਡ ਭਾਗੋਮਾਜਰਾ ਦੇ ਸਰਪੰਚ ਗੁਰਜੰਟ ਸਿੰਘ, ਬਲਜਿੰਦਰ ਸਿੰਘ ਭਾਗੋਮਾਜਰਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਾਹਰ ਸਿੰਘ, ਦਲਵੀਰ ਸਿੰਘ ਖ਼ਜ਼ਾਨਚੀ, ਗੁਰਦੇਵ ਸਿੰਘ ਨੇ ਇਨਾਮ ਵੰਡੇ।
ਕੈਂਪ ਵਿੱਚ 54 ਯੂਨਿਟ ਖ਼ੂਨਦਾਨ
ਐੱਸ ਏ ਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਅੱਜ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ। ਸਕੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਵਿਸ਼ਵਾਸ਼ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਾਏ ਕੈਂਪ ਦੌਰਾਨ 54 ਯੂਨਿਟ ਖ਼ੂੁਨ ਇਕੱਤਰ ਹੋਇਆ। ਕੈਂਪ ਦਾ ਉਦਘਾਟਨ ਐੱਸ ਡੀ ਐੱਮ ਮੁਹਾਲੀ ਦਮਨਦੀਪ ਕੌਰ ਨੇ ਕੀਤਾ ਅਤੇ ਖੂਨਦਾਨੀਆਂ ਨੂੰ ਬੈਜ ਲਾਏ। ਪ੍ਰਮੁੱਖ ਖੂਨਦਾਨੀਆਂ ਵਿੱਚ ਮਨਦੀਪ ਸਿੰਘ (ਡੇਅਰੀ ਵਿਭਾਗ) ਨੇ 50ਵੀਂ ਵਾਰ ਖੂਨਦਾਨ ਕੀਤਾ। ਮੁਹਾਲੀ ਦੇ ਫੇਜ਼-6 ਦੇ ਜ਼ਿਲ੍ਹਾ ਹਸਪਤਾਲ ਤੋਂ ਡਾ. ਸਾਨਿਆ ਸ਼ਰਮਾ ਦੀ ਅਗਵਾਈ ਹੇਠਲੀ ਟੀਮ ਨੇ ਖੂਨ ਇਕੱਤਰ ਕੀਤਾ।

