DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੈਂਡ ਪੂਲਿੰਗ ਨੀਤੀ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਟਰੈਕਟਰ ਮਾਰਚ

ਵਰ੍ਹਦੇ ਮੀਂਹ ਵਿੱਚ ਸੈਂਕਡ਼ੇ ਕਿਸਾਨਾਂ ਨੇ ਟਰੈਕਟਰਾਂ ਸਣੇ ਕੀਤੀ ਸ਼ਮੂਲੀਅਤ; ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

  • fb
  • twitter
  • whatsapp
  • whatsapp
featured-img featured-img
ਸਨੇਟਾ ਤੋਂ ਸ਼ੁਰੂ ਕੀਤੇ ਟਰੈਕਟਰ ਮਾਰਚ ਵਿੱਚ ਸ਼ਾਮਲ ਮੁਹਾਲੀ ਇਲਾਕੇ ਦੇ ਕਿਸਾਨ।
Advertisement

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਮੁਹਾਲੀ ਜ਼ਿਲ੍ਹੇ ਦੇ ਕਿਸਾਨਾਂ ਨੇ ਲੈਂਡ ਪੂਲਿੰਗ ਨੀਤੀ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਵਰ੍ਹਦੇ ਮੀਂਹ ਦਰਮਿਆਨ ਟਰੈਕਟਰ ਮਾਰਚ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਰੈਕਟਰਾਂ ਸਣੇ ਕਿਸਾਨੀ ਜਥੇਬੰਦੀਆਂ ਦੇ ਝੰਡੇ ਲਗਾ ਕੇ ਸ਼ਿਰਕਤ ਕੀਤੀ। ਉਨ੍ਹਾਂ ਪੰਜਾਬ ਸਰਕਾਰ ਅਤੇ ਨਵੀਂ ਲੈਂਡ ਪੂਲਿੰਗ ਨੀਤੀ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਕਿਰਪਾਲ ਸਿੰਘ ਸਿਆਊ, ਸੂਬਾਈ ਆਗੂ ਪਰਮਦੀਪ ਸਿੰਘ ਬੈਦਵਾਣ, ਲਖਵਿੰਦਰ ਸਿੰਘ ਕਰਾਲਾ, ਸ਼ੇਰ ਸਿੰਘ ਦੈੜੀ, ਹਰਜੀਤ ਸਿੰਘ ਸਿਆਊ, ਗੁਰਵਿੰਦਰ ਸਿੰਘ, ਸੁਰਜੀਤ ਸਿੰਘ ਮਾਣਕਪੁਰ ਕੱਲਰ, ਅਮਰੀਕ ਸਿੰਘ, ਅਮਰਜੀਤ ਸਿੰਘ ਸੁਖਗੜ੍ਹ, ਜਸਵਿੰਦਰ ਸਿੰਘ ਕੰਡਾਲਾ, ਲੱਖੋਵਾਲ ਗਰੁੱਪ ਦੇ ਜ਼ਿਲ੍ਹਾ ਪ੍ਰਧਾਨ ਦੇਵਿੰਦਰ ਸਿੰਘ ਦੇਹ ਕਲਾਂ, ਜਸਪਾਲ ਸਿੰਘ ਨਿਆਮੀਆਂ, ਨਛੱਤਰ ਸਿੰਘ ਬੈਦਵਾਣ, ਦਰਸ਼ਨ ਸਿੰਘ ਦੁਰਾਲੀ, ਕੁਲਵੰਤ ਸਿੰਘ ਚਿੱਲਾ, ਬਲਬੀਰ ਸਿੰਘ, ਜਸਪਾਲ ਲਾਂਡਰਾਂ, ਗੁਰਮੀਤ ਸਿੰਘ, ਸੁਖਚੈਨ ਸਿੰਘ ਚਿੱਲਾ, ਰਣਜੀਤ ਕਨੌੜ, ਸਤਨਾਮ ਖਾਸਪੁਰ, ਇੰਦਰਜੀਤ ਸਿੰਘ ਖਲੌਰ, ਬਲਜਿੰਦਰ ਸਿੰਘ ਸੇਖੂਪੁਰ, ਰਤਨ ਸਿੰਘ ਅਮਲਾਲਾ, ਅਵਤਾਰ ਸਿੰਘ ਅਮਲਾਲਾ ਆਦਿ ਨੇ ਟਰੈਕਟਰ ਮਾਰਚ ਦੀ ਅਗਵਾਈ ਕੀਤੀ। ਪੰਜਾਬ ਪ੍ਰੋਗਰੈਸਿਵ ਫਰੰਟ ਦੇ ਚੇਅਰਮੈਨ ਅਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਟਰੈਕਟਰ ਮਾਰਚ ਵਿੱਚ ਸ਼ਮੂਲੀਅਤ ਕਰ ਕੇ ਫਰੰਟ ਵੱਲੋਂ ਅਤੇ ਵਕੀਲਾਂ ਦੀ ਕੌਮੀ ਪੱਧਰ ਦੀ ਜਥੇਬੰਦੀ ਵੱਲੋਂ ਐੱਸਕੇਐੱਮ ਨੂੰ ਸਮਰਥਨ ਦਾ ਐਲਾਨ ਕੀਤਾ। ਟਰੈਕਟਰ ਮਾਰਚ ਪਿੰਡ ਸਨੇਟਾ ਤੋਂ ਆਰੰਭ ਹੋਇਆ। ਪਿੰਡ ਦੈੜੀ, ਮਾਣਕਪੁਰ ਕੱਲਰ, ਪੱਤੋਂ, ਸਿਆਊ, ਮਟਰਾਂ, ਬੜੀ ਆਦਿ ਨੂੰ ਹੁੰਦਾ ਹੋਇਆ ਪਿੰਡ ਕੁਰੜੀ ਵਿੱਖੇ ਸਮਾਪਤ ਹੋਇਆ। ਵੱਖ-ਵੱਖ ਪਿੰਡਾਂ ਵਿੱਚ ਟਰੈਕਟਰ ਮਾਰਚ ਵਿੱਚ ਸ਼ਾਮਲ ਕਿਸਾਨਾਂ ਲਈ ਚਾਹ, ਫਲ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਟਰੈਕਟਰ ਮਾਰਚ ਆਰੰਭ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਲੈਂਡ ਪੂਲਿੰਗ ਨੀਤੀ ਕਿਸੇ ਤਰ੍ਹਾਂ ਵੀ ਪੰਜਾਬ ਅਤੇ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਇਹ ਨੀਤੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਅਤੇ ਕਿਸਾਨਾਂ ਦੀ ਜ਼ਮੀਨ ਖੋਹਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਐੱਸਕੇਐੱਮ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ।

ਰੂਪਨਗਰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਤੇ ਸੀਟੂ ਵੱਲੋਂ ਰੂਪਨਗਰ ਸ਼ਹਿਰ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਇਹ ਮਾਰਚ ਬਾਈਪਾਸ ਦੇ ਮੋਰਿੰਡਾ ਚੌਕ ਤੋਂ ਸ਼ੁਰੂ ਹੋ ਕੇ ਸੁਰਜੀਤ ਲਾਈਟਾਂ, ਸ਼ਾਮਪੁਰਾ, ਹਵੇਲੀ, ਰੂਪਨਗਰ ਸ਼ਹਿਰ, ਕਾਲਜ ਰੋਡ ਤੇ ਮਿਨੀ ਸਕੱਤਰੇਤ ਤੋਂ ਹੁੰਦਾ ਹੋਇਆ ਵਾਪਸ ਮੋਰਿੰਡਾ ਚੌਕ ’ਤੇ ਪੁੱਜ ਕੇ ਸਮਾਪਤ ਹੋਇਆ। ਇਸ ਦੌਰਾਨ ਕਿਸਾਨ ਆਗੂਆਂ ਵੀਰ ਸਿੰਘ ਬੜਵਾ, ਰੇਸ਼ਮ ਸਿੰਘ ਬਹਿਡਾਲੀ, ਸੁਰਜੀਤ ਸਿੰਘ ਢੇਰ, ਪਵਨ ਕੁਮਾਰ ਚੱਕ ਕਰਮਾ, ਦਲਜੀਤ ਸਿੰਘ ਚਲਾਕੀ, ਰਣਧੀਰ ਸਿੰਘ ਚੱਕਲ, ਗੁਰਦੇਵ ਸਿੰਘ ਬਾਗੀ, ਮਨਜੀਤ ਸਿੰਘ ਆਦਿ ਸਣੇ ਪ੍ਰਭਾਵਿਤ ਪਿੰਡਾਂ ਦੇ ਸੈਂਕੜੇ ਕਿਸਾਨ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ।

Advertisement

Advertisement

ਕਿਸਾਨਾਂ ਵੱਲੋਂ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਦੇਣ ਤੋਂ ਕੋਰੀ ਨਾਂਹ

ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ।

ਅਮਲੋਹ (ਰਾਮ ਸਰਨ ਸੂਦ): ਪੰਜਾਬ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਬੀਕੇਯੂ ਉਗਰਾਹਾਂ ਦੇ ਸੱਦੇ ’ਤੇ ਅੱਜ ਕਿਸਾਨਾਂ-ਮਜ਼ਦੂਰਾਂ ਵੱਲੋਂ ਪਿੰਡ ਭੱਦਲਥੂਹਾ ਦੇ ਸਕੂਲ ਗਰਾਊਂਡ ਤੋਂ ਅਮਲੋਹ ਦੇ ਮੰਡੀ ਗੋਬਿੰਦਗੜ੍ਹ ਚੌਕ ਤੱਕ ਟਰੈਕਟਰ ਮਾਰਚ ਕੀਤਾ ਗਿਆ। ਇਸ ਦੌਰਾਨ ਕਿਸਾਨਾਂ-ਮਜ਼ਦੂਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇ ਇਹ ਨੀਤੀ ਵਾਪਸ ਨਾ ਲਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਮੀਨ ਕਿਸਾਨ ਦੀ ਮਾਂ ਹੈ, ਇਸ ਉੱਪਰ ਕਿਸੇ ਵੀ ਹਾਲਤ ’ਚ ਧੱਕੇ ਨਾਲ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਅਮਲੋਹ ਦੇ ਪ੍ਰਧਾਨ ਦਵਿੰਦਰ ਸਿੰਘ, ਜਨਰਲ ਸਕੱਤਰ ਹਰਵਿੰਦਰ ਸਿੰਘ ਵਿੱਕੀ, ਮੀਤ ਪ੍ਰਧਾਨ ਹਰਜੀਤ ਸਿੰਘ, ਕੈਸ਼ੀਅਰ ਜਾਨਸ਼ੀਨ ਮੁਹੰਮਦ, ਸਰਪੰਚ ਭੱਦਲਥੂਹਾ ਧਰਮਿੰਦਰ ਸਿੰਘ, ਮੈਂਬਰ ਸੁਖਚੈਨ ਸਿੰਘ, ਮੈਂਬਰ ਗੁਰਸੇਵਕ ਸਿੰਘ, ਮੈਂਬਰ ਲਖਵੀਰ ਸਿੰਘ ਬਿੱਲੂ, ਮੈਂਬਰ ਪ੍ਰਗਟ ਸਿੰਘ, ਨੰਬਰਦਾਰ ਕਰਮਜੀਤ ਸਿੰਘ, ਕੁਲਵੰਤ ਸਿੰਘ ਰੈਸਲ, ਮਨਇੰਦਰ ਸਿੰਘ, ਤਾਰਾ ਸਿੰਘ ਰਾਜਗੜ੍ਹ ਛੰਨਾ ਅਤੇ ਜਸ਼ਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਕਿਸਾਨਾਂ ਦੀ ਸਹਿਮਤੀ ਬਿਨਾਂ ਨਹੀਂ ਲਵਾਂਗੇ ਜ਼ਮੀਨ: ਚੱਢਾ

ਚੰਡੀਗੜ੍ਹ (ਆਤਿਸ਼ ਗੁਪਤਾ): ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵੱਲੋਂ ਲੈਂਡ ਪੂਲਿੰਗ ਨੀਤੀ ਵਿਰੁੱਧ ਕੱਢੇ ਗਏ ਟਰੈਕਟਰ ਮਾਰਚ ਦੌਰਾਨ ਵਿਧਾਨ ਸਭਾ ਹਲਕਾ ਰੋਪੜ ਤੋਂ ‘ਆਪ’ ਵਿਧਾਇਕ ਦਿਨੇਸ਼ ਚੱਢਾ ਨੇ ਇੱਕ ਵੀਡੀਓ ਜਾਰੀ ਕਰ ਕੇ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ੍ਰੀ ਚੱਢਾ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਕਿਸਾਨ ਤੋਂ ਜ਼ਬਰੀ ਜ਼ਮੀਨ ਨਹੀਂ ਲਈ ਜਾਵੇਗੀ। ਇਸ ਬਾਰੇ ਵਿਧਾਇਕ ਚੱਢਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

ਟਰੈਕਟਰ ਮਾਰਚ ਦੇਖ ਕੇ ਕੰਧ ’ਤੇ ਲਿਖਿਆ ਪੜ੍ਹੇ ਸਰਕਾਰ: ਸਿੱਧੂ

ਐੱਸਏਐੱਸ ਨਗਰ(ਮੁਹਾਲੀ): ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਸੂਬੇ ਦੇ ਕਿਸਾਨਾਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਸੜਕਾਂ ’ਤੇ ਉਤਰਨ ਮਗਰੋਂ ਪੰਜਾਬ ਸਰਕਾਰ ਨੂੰ ਕੰਧ ਉੱਤੇ ਲਿਖਿਆ ਪੜ੍ਹ ਕੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਮਿਸਾਲ ਟਰੈਕਟਰ ਮਾਰਚ ਨੇ ਸਰਕਾਰ ਨੂੰ ਸਪੱਸ਼ਟ ਸੁਨੇਹਾ ਦੇ ਦਿੱਤਾ ਹੈ ਕਿ ਕਿਸਾਨ ਲੈਂਡ ਪੂਲਿੰਗ ਪਾਲਿਸੀ ਰੱਦ ਕਰਵਾਉਣ ਤੱਕ ਚੈਨ ਨਾਲ ਨਹੀਂ ਬੈਠਣਗੇ। ਕਾਂਗਰਸੀ ਆਗੂ ਨੇ ਕਿਹਾ ਕਿ ਪੰਜਾਬ ’ਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੜੇ ਸੰਘਰਸ਼ ਵਰਗਾ ਮਾਹੌਲ ਬਣਦਾ ਜਾ ਰਿਹਾ ਹੈ।

ਇਕਜੁੱਟ ਹੋ ਕੇ ਲੜਨ ਦੀ ਲੋੜ: ਪਡਿਆਲਾ

ਕੁਰਾਲੀ (ਮਿਹਰ ਸਿੰਘ): ਕਾਂਗਰਸ ਦੇ ਕਿਸਾਨ ਸੈੱਲ ਦੇ ਸੂਬਾਈ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਕਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਜ਼ਮੀਨ ਹਥਿਆਉਣ ਲਈ ਤਿਆਰ ਕੀਤੀ ਲੈਂਡ ਪੂਲਿੰਗ ਨੀਤੀ ਖ਼ਤਰਨਾਕ ਹੈ। ਇਸ ਖ਼ਿਲਾਫ਼ ਸਾਰੀਆਂ ਧਿਰਾਂ ਨੂੰ ਇਕਜੁੱਟ ਹੋ ਕੇ ਲੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸੁਫ਼ਨੇ ਦਿਖਾ ਕੇ ਲੁੱਟਣਾ ਚਾਹੁੰਦੀ ਹੈ। ਇਸ ਲਈ ਜੇ ਲੈਂਡ ਪੂਲਿੰਗ ਸਕੀਮ ਲਾਗੂ ਹੁੰਦੀ ਹੈ ਤਾਂ ਕਿਸਾਨ ਦੇ ਕੋਲ ਨਾ ਹੀ ਜ਼ਮੀਨ ਬਚੇਗੀ ਅਤੇ ਨਾ ਹੀ ਪੈਸਾ।

Advertisement
×