ਜ਼ਮੀਨ ਖੋਹਣ ਦੀ ਸਾਜ਼ਿਸ਼ ਹੈ ਲੈਂਡ ਪੂਲਿੰਗ ਨੀਤੀ: ਸੰਧੂ
ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਦੇ ਸੀਨੀਅਰ ਆਗੂ ਐੱਸਐੱਮਐੱਸ ਸੰਧੂ ਨੇ ਪਿੰਡ ਜੌਲਾ ਕਲਾਂ ਵਾਸੀਆਂ ਨਾਲ ਵੱਖ ਵੱਖ ਮੁੱਦਿਆਂ ’ਤੇ ਚਰਚਾ ਕੀਤੀ। ਇਸ ਮੌਕੇ ਸ੍ਰੀ ਸੰਧੂ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ’ਤੇ ਤਿੱਖਾ ਹਮਲਾ ਕਰਦੇ ਹੋਏ ਇਸ ਨੂੰ ਕਿਸਾਨਾਂ ਤੇ ਕਿਸਾਨੀ ਖ਼ਿਲਾਫ਼ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨ ਲਈ ਜ਼ਮੀਨ ਉਸ ਦੀ ਜਾਨ ਹੁੰਦੀ ਹੈ। ਪੰਜਾਬ ਸਰਕਾਰ ਦੀ ਇਹ ਯੋਜਨਾ ਜ਼ਮੀਨ ਖੋਹਣ ਦੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਪੱਧਰ ਦੇ ਸ਼ਹਿਰੀਕਰਨ ਦੀ ਹੋਰ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਸ ਯੋਜਨਾ ਦਾ ਵਿਰੋਧ ਕਰੇਗੀ। ਪਿੰਡ ਵਾਸੀਆਂ ਨੇ ਵੀ ਸ੍ਰੀ ਸੰਧੂ ਦਾ ਸਮਰਥਨ ਕੀਤਾ। ਇਸ ਮੌਕੇ ਸਾਬਕਾ ਚੇਅਰਮੈਨ ਓਮਵੀਰ ਰਾਣਾ, ਸਾਬਕਾ ਸਰਪੰਚ ਸਤੀਸ਼ ਕੁਮਾਰ ਟੋਨੀ, ਲਾਭ ਸਿੰਘ ਜੌਲਾ, ਦੀਪ ਚੰਦ ਬਰਟਾਣਾ, ਰਿੰਕੂ ਮਲਕਪੁਰ, ਨਸੀਬ ਸਿੰਘ ਫ਼ੌਜੀ, ਪੰਡਤ ਆਦਿ ਮੌਜੂਦ ਸਨ।
ਲਾਵਾਰਸ ਪਸ਼ੂਆਂ ਦੀ ਸੰਭਾਲ ਕਰੇ ਸਰਕਾਰ: ਬੰਗੜ
ਖਰੜ: ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਡਾ. ਰਘਵੀਰ ਸਿੰਘ ਬੰਗੜ ਨੇ ਖਰੜ ਵਿੱਚ ਵਧ ਰਹੇ ਲਾਵਾਰਸ ਪਸ਼ੂਆਂ ’ਤੇ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਹਰ ਇੱਕ ਚੀਜ਼ ’ਤੇ ਗਊ ਸੈੱਸ ਲਗਾ ਦਿੱਤਾ ਹੈ ਪਰ ਗਊਆਂ ਦੀ ਸੰਭਾਲ ਤਾਂ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪਸ਼ੂਆਂ ਕਾਰਨ ਲੋਕਾਂ ਦੀ ਜਾਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਵਿੱਚ ਵੀ ਸਿਰਫ਼ ਦੁੱਧ ਦੇਣ ਵਾਲੇ ਪਸ਼ੂ ਹੀ ਰੱਖੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ, ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਸਮੱਸਿਆ ਦਾ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। -ਪੱਤਰ ਪ੍ਰੇਰਕ
ਮਾਤਾ ਗੁਜਰੀ ਕਾਲਜ ਵਿੱਚ ਬੂਟੇ ਲਾਏ
ਫ਼ਤਹਿਗੜ੍ਹ ਸਾਹਿਬ: ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਐਲੂਮਨੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਦਾ ਚਲਾਈ ਗਈ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਸੰਧੂ, ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ, ਡਾ. ਹਰਮਿੰਦਰ ਸਿੰਘ, ਕਾਲਜ ਦੇ ਡੀਨ ਐਲੂਮਨੀ ਕਮੇਟੀ ਡਾ. ਜਗਪਾਲ ਸਿੰਘ, ਮੈਂਬਰ ਡਾ. ਨਵਜੀਤ ਕੌਰ ਅਤੇ ਡਾ. ਸ਼ਵੇਤਾ ਸਹਿਗਲ ਨੇ ਵਿਦਿਆਰਥੀਆਂ ਨੂੰ ਬੂਟੇ ਲਾਉਣ ਦੀ ਅਪੀਲ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਜੀਤ ਸਿੰਘ ਬਾਠ, ਮੈਂਬਰ ਐਡਵੋਕੇਟ ਅਮਰਜੀਤ ਸਿੰਘ ਚੀਮਾ, ਸਤਵੀਰ ਸਿੰਘ, ਸਰਵਜੋਤ ਸਿੰਘ, ਜਗਜੀਤ ਸਿੰਘ ਔਜਲਾ, ਜੈ ਕਿਸ਼ਨ, ਪਰਮਿੰਦਰ ਸਿੰਘ, ਰਣਦੀਪ ਸਿੰਘ ਅਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦੇਣ ਬੈਂਕ: ਚੀਮਾ
ਮੁੱਲਾਂਪੁਰ ਗਰੀਬਦਾਸ: ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਲਾਂਪੁਰ ਗਰੀਬਦਾਸ ਵਿੱਚ ਬੈਂਕ ਆਫ ਮਹਾਰਾਸ਼ਟਰਾ ਦੀ ਸ਼ਾਖਾ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਜਨਤਕ ਖੇਤਰ ਦੀਆਂ ਬੈਂਕਾਂ ਦਾ ਵੀ ਅਹਿਮ ਯੋਗਦਾਨ ਹੈ ਅਤੇ ਬੈਂਕਾਂ ਨੂੰ ਆਮ ਆਦਮੀ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਸਰਕਾਰੀ ਸਪਾਂਸਰ ਸਕੀਮਾਂ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਕਰਜ਼ਾ ਯੋਜਨਾਵਾਂ ਦਾ ਲਾਭ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ’ਚ ਆਉਣ ’ਤੇ ਸੂਬੇ ਵਿੱਚ ਕਰ ਵਸੂਲੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਮੌਕੇ ਬੈਂਕ ਦੇ ਜ਼ੋਨਲ ਹੈਡ ਲੁਧਿਆਣਾ ਐੱਸ ਕੇ ਤ੍ਰਿਵੇਦੀ, ਸ਼ਾਖਾ ਪ੍ਰਬੰਧਕ ਅਨੂ ਸੈਣੀ, ‘ਆਪ’ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਸਿੱਖ ਬੱਚਿਆਂ ਨਾਲ ਧੱਕੇਸ਼ਾਹੀ ਬੰਦ ਹੋਵੇ: ਪੀਰਮੁਹੰਮਦ
ਚਮਕੌਰ ਸਾਹਿਬ: ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਰਾਜਸਥਾਨ ਵਿੱਚ ਤਰਨ ਤਾਰਨ ਦੀ ਗੁਰਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਕਕਾਰਾਂ ਕਾਰਨ ਜੁਡੀਸ਼ੀਅਲ ਪ੍ਰੀਖਿਆ ਵਿੱਚ ਬੈਠਣ ਤੋਂ ਰੋਕਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਹ ਗੁਰਸਿੱਖ ਬੱਚਿਆਂ ਨਾਲ ਲੰਬੇ ਸਮੇਂ ਤੋਂ ਵਾਪਰ ਰਿਹਾ ਹੈ ਜੋ ਗ਼ੁਲਾਮੀ ਦਾ ਅਹਿਸਾਸ ਕਰਵਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਵਿਧਾਨ ਸਿੱਖ ਨੂੰ ਆਪਣੇ ਕਕਾਰ ਪਹਿਨਣ ਦੀ ਆਜ਼ਾਦੀ ਦਿੰਦਾ ਹੈ ਤਾਂ ਫਿਰ ਇਹ ਰੋਕ ਮੰਦਭਾਗੀ ਹੈ। -ਨਿੱਜੀ ਪੱਤਰ ਪ੍ਰੇਰਕ
ਸਾਹਿਤ ਚਿੰਤਨ ਦੀ ਇਕੱਤਰਤਾ ਤਿੰਨ ਨੂੰ
ਚੰਡੀਗੜ੍ਹ: ਸਾਹਿਤ ਚਿੰਤਨ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਨੇ ਦੱਸਿਆ ਕਿ ਤਿੰਨ ਅਗਸਤ ਨੂੰ ਮਹੀਨਾਵਾਰ ਇਕੱਤਰਤਾ ਵਿੱਚ ਹਰਜੀਤ ਸਿੰਘ ਸੰਧੂ ਦੇ ਨਵੇਂ ਕਾਵਿ-ਸੰਗ੍ਰਿਹ ‘ਥੱਕੇ-ਹਾਰੇ ਸ਼ਹਿਰ ਦੀ ਨੀਂਦ’ ’ਤੇ ਚਰਚਾ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਡਾ. ਸੁਖਪਾਲ ਕੌਰ ਸਮਰਾਲਾ ਪੁਸਤਕ ਬਾਰੇ ਵਿਚਾਰ ਰੱਖਣਗੇ। ਇਸ ਸਮਾਗਮ ਦੀ ਪ੍ਰਧਾਨਗੀ ਪੀਯੂ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਯੋਗਰਾਜ ਅੰਗਰਿਸ਼ ਕਰਨਗੇ। ਇਹ ਸਮਾਗਮ ਪ੍ਰਾਚੀਨ ਕਲਾ ਕੇਂਦਰ, ਸੈਕਟਰ-35ਬੀ, ਚੰਡੀਗੜ੍ਹ ਵਿੱਚ ਹੋਵੇਗਾ। -ਟ੍ਰਿਬਿਊਨ ਨਿਊਜ਼ ਸਰਵਿਸ
ਸਦਮਾ
ਲਾਲੜੂ: ਇਲਾਕੇ ਦੇ ਸਮਾਜ ਸੇਵੀ ਚੌਧਰੀ ਚੂਹੜ ਸਿੰਘ ਪੁਨਸਰ ਨੂੰ ਉਸ ਵੇਲੇ ਭਾਰੀ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਪਿਤਾ ਚੌਧਰੀ ਕਥੂਰੀਆ ਰਾਮ ਦਾ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਨਮਿਤ ਰੱਖੀ ਰਸਮ ਪਗੜੀ ਤੇ ਸ਼ਰਧਾਂਜਲੀ ਸਮਾਰੋਹ ਪਹਿਲੀ ਅਗਸਤ ਨੂੰ ਗਲਾਸ ਪੈਲੇਸ ਨਜ਼ਦੀਕ ਦੱਪਰ ਟੌਲ ਪਲਾਜ਼ਾ ਵਿੱਚ ਹੋਵੇਗਾ। -ਪੱਤਰ ਪ੍ਰੇਰਕ