ਲਾਲੜੂ: ਬਰਟਾਣਾ ਦੇ ਆਂਗਨਵਾੜੀ ਸੈਂਟਰ ਦੀ ਹਾਲਤ ਖ਼ਸਤਾ; ਕਦੇ ਵੀ ਹੋ ਸਕਦੀ ਅਣਹੋਣੀ
ਇੱਥੋਂ ਦੇ ਪਿੰਡ ਬਰਟਾਣਾ ਦਾ ਆਂਗਨਵਾੜੀ ਸੈਂਟਰ ਅੱਜਕੱਲ੍ਹ ਖ਼ਸਤਾ ਹਾਲਤ ਵਿੱਚ ਹੈ,ਜਿਸ ਕਾਰਨ ਛੋਟੇ ਬੱਚਿਆਂ ਲਈ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਸੈਂਟਰ ਦੀ ਇਮਾਰਤ ਕਾਫ਼ੀ ਪੁਰਾਣੀ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਗਰਾਊਂਡ ਵਿੱਚ ਵੀ ਵੱਡਾ-ਵੱਡਾ ਘਾਹ ਉੱਗਿਆ ਹੋਇਆ ਹੈ।
ਆਂਗਨਵਾੜੀ ਸੈਂਟਰ ਦਾ ਮਕਸਦ ਛੋਟੇ ਬੱਚਿਆਂ ਨੂੰ ਸਿੱਖਿਆ ਅਤੇ ਸਿਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ ਪਰ ਬਲਟਾਣਾ ਸੈਂਟਰ ਦੀ ਹਾਲਤ ਇਸ ਮਕਸਦ ਦੇ ਉਲਟ ਜਾਪਦੀ ਹੈ। ਇਮਾਰਤ ਦੀ ਖ਼ਰਾਬ ਹਾਲਤ ਦੇ ਨਾਲ-ਨਾਲ, ਗਰਾਊਂਡ ਵਿੱਚ ਉੱਗਿਆ ਹੋਇਆ ਘਾਹ ਬੱਚਿਆਂ ਲਈ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਦਾ ਡਰ ਬਣਿਆ ਹੋਇਆ ਹੈ।
ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਸਤਾ ਰਹੀ ਹੈ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 12 ਮਾਰਚ 2024 ਨੂੰ ਇਸ ਆਂਗਨਵਾੜੀ ਸੈਂਟਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਸੀ ਤੇ ਵਾਅਦਾ ਕੀਤਾ ਗਿਆ ਸੀ ਕਿ ਜਲਦ ਹੀ ਇਸ ਸੈਂਟਰ ਦਾ ਨਵੀਨੀਕਰਨ ਕੀਤਾ ਜਾਵੇਗਾ ਪਰ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਇਸ ਸਬੰਧੀ ਕਈ ਵਾਰ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਤੁਰੰਤ ਆਂਗਨਵਾੜੀ ਸੈਂਟਰ ਦੀ ਨਵੀਂ ਇਮਾਰਤ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇ।