ਸੰਜੀਵ ਅਰੋੜਾ ਦੀ ਜਿੱਤ ’ਤੇ ਲੱਡੂ ਵੰਡੇ
ਫ਼ਤਹਿਗੜ੍ਹ ਸਾਹਿਬ: ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੀ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ’ਚ ਜਿੱਤ ਨੂੰ ਲੈ ਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੀ ਅਗਵਾਈ ਹੇਠ ਪਾਰਟੀ ਦੇ ਸਰਹਿੰਦ ਸਥਿਤ ਦਫ਼ਤਰ ’ਚ ਲੱਡੂ ਵੰਡੇ ਗਏ। ਰਾਏ ਨੇ ਕਿਹਾ ਕਿ ਅਰੋੜਾ ਦੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਵੋਟਰ ‘ਆਪ’ ਦੇ ਨਾਲ ਖੜ੍ਹੇ ਹਨ। ਇਸ ਮੌਕੇ ਨਾਹਰ ਸਿੰਘ ਆਦਮਪੁਰ, ਗੁਰਦਿਆਲ ਚੰਦ ਬਡਾਲੀ ਮਾਈ ਕੀ, ਕੰਵਰਬੀਰ ਸਿੰਘ ਰਾਏ, ਬਲਵੀਰ ਸਿੰਘ ਚੀਮਾ, ਪੀਏ ਸਤੀਸ਼ ਕੁਮਾਰ ਲਟੌਰ, ਗੁਰਜੀਤ ਸਿੰਘ ਬਿੱਟਾ, ਅਮਰਜੀਤ ਸਿਘ ਦੁਭਾਲੀ, ਜਗਰੂਪ ਸਿੰਘ ਸਰਪੰਚ, ਮਾ. ਨੌਰੰਗ ਸਿੰਘ, ਅਮਰੀਕ ਸਿੰਘ ਸਰਪੰਚ ਬਾਲਮਪੁਰ, ਗੁਰਦੀਪ ਸਿੰਘ ਸਰਪੰਚ ਜਖਵਾਲੀ, ਰਮੇਸ਼ ਸਿੰਘ ਸਰਪੰਚ ਛੰਨਾ ਆਦਿ ਤੇ ਪਾਰਟੀ ਵਰਕਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਰਾਮ ਮੰਦਰ ਲਈ 1 ਲੱਖ 72 ਹਜ਼ਾਰ ਰੁਪਏ ਦਾਨ
ਖਰੜ: ਖਰੜ ਵਿੱਚ ਉਸਾਰੀ ਅਧੀਨ ਸ੍ਰੀ ਰਾਮ ਮੰਦਿਰ ਲਈ ਅੱਜ ਰਿਟੇਲ ਕਰਿਆਨਾ ਮਰਚੈਂਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਪਵਨ ਕਮਾਰ ਮੰਗਲ, ਅਮਨਦੀਪ ਗਰਗ, ਸੌਰਵ ਗੁਪਤਾ ਤੇ ਸੰਦੀਪ ਅਗਰਵਾਲ ਵੱਲੋਂ 1 ਲੱਖ 72 ਹਜ਼ਾਰ ਰੁਪਏ ਮੰਦਰ ਦੀ ਪ੍ਰਬੰਧਕੀ ਕਮੇਟੀ ਨੂੰ ਸੌਂਪੇ ਗਏ। ਉਨ੍ਹਾਂ ਨੇ ਇਹ ਰਕਮ ਦੁਕਾਨਾਂ ਤੋਂ ਜਾ ਕੇ ਇਕੱਠੀ ਕੀਤੀ ਸੀ। ਅੱਜ ਦੀ ਰਾਸ਼ੀ ਸਣੇ ਐਸੋਸੀਏਸ਼ਨ ਹੁਣ ਤੱਕ 7 ਲੱਖ 45 ਹਜਾਰ ਰੁਪਏ ਦੀ ਰਕਮ ਪ੍ਰਬੰਧਕਾਂ ਨੂੰ ਸੌਂਪ ਚੁੱਕੀ ਹੈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਹ ਮੰਦਰ ਸ਼ਰਧਾਲੂਆਂ ਲਈ ਆਸਥਾ ਦਾ ਵੱਡਾ ਕੇਂਦਰ ਬਣੇਗਾ। -ਪੱਤਰ ਪ੍ਰੇਰਕ
ਵਿਦਿਆਰਥੀਆਂ ਲਈ ਕੈਂਪਸ ਤੋਂ ਕਰੀਅਰ ਤੱਕ ਪ੍ਰੋਗਰਾਮ
ਫ਼ਤਹਿਗੜ੍ਹ ਸਾਹਿਬ; ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਦੇ ਇੰਟਰਨਸ਼ਿਪ ਅਤੇ ਸਮਾਜਿਕ ਪਹੁੰਚ ਕੇਂਦਰ ਵੱਲੋਂ ਬੀਏ-ਬੀ.ਐੱਡ ਦੇ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ‘ਕੈਂਪਸ ਤੋਂ ਕਰੀਅਰ ਤੱਕ: ਅਧਿਆਪਨ ਪੇਸ਼ੇ ਵਿੱਚ ਤਬਦੀਲੀ’ ਵਿਸ਼ੇ ’ਤੇ ਪੰਜ ਦਿਨਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦੀ ਅਗਵਾਈ ਵਿਭਾਗ ਮੁਖੀ ਡਾ. ਹਰਨੀਤ ਬਿਲਿੰਗ ਨੇ ਤੇ ਸੰਚਾਲਨ ਡਾ. ਗਗਨਦੀਪ ਟਿਵਾਣਾ ਨੇ ਕੀਤੀ। ਪ੍ਰੋਗਰਾਮ ਦੌਰਾਨ ਮਾਹਿਰਾਂ ਦੇ ਭਾਸ਼ਣ, ਅਨੁਭਵੀ ਸਿਖਲਾਈ ਅਤੇ ਇੰਟਰਐਕਟਿਵ ਗਤੀਵਿਧੀਆਂ ਵਾਲੇ ਸੈਸ਼ਨ ਹੋਏ। ਲੈਕਚਰਾਰ ਡਾ. ਕੁਲਦੀਪ ਸਿੰਘ ਨੇ ਸੰਚਾਰ, ਵਿਸ਼ਵਾਸ ਅਤੇ ਸਹਿਯੋਗ ਦੇ ਆਪਸੀ ਸਬੰਧਾਂ ਦੀ ਪੜਚੋਲ ਕੀਤੀ। ਡੀਨ ਅਕਾਦਮਿਕ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਤੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ
ਪੰਜਾਬ ਪੈਨਸ਼ਨਰ ਮਹਾਂਸੰਘ ਦੀ ਮੀਟਿੰਗ
ਚਮਕੌਰ ਸਾਹਿਬ: ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ ਬਲਾਕ ਚਮਕੌਰ ਸਾਹਿਬ ਦੇ ਮੈਂਬਰਾਂ ਦੀ ਮੀਟਿੰਗ ਸੰਘ ਦੇ ਪ੍ਰਧਾਨ ਧਰਮਪਾਲ ਸੋਖਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਐੱਸਬੀਆਈ ਬੈਂਕ ਸ਼ਾਖਾ ਚਮਕੌਰ ਸਾਹਿਬ ਦੇ ਚੀਫ ਮੈਨੇਜਰ ਰਾਜ ਕੁਮਾਰ ਜਿਨ੍ਹਾਂ ਦੀ ਬਦਲੀ ਹੋ ਗਈ ਹੈ, ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਧਰਮਪਾਲ ਸੋਖਲ ਨੇ ਰਾਜ ਕੁਮਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਬੈਂਕ ਦੇ ਨਵੇਂ ਚੀਫ ਮੈਨੇਜਰ ਅਨਿਲ ਰੈਨਾ ਨੂੰ ਜੀ ਆਇਆ ਆਖਿਆ ਗਿਆ। ਰੈਨਾ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਿੰਸੀਪਲ ਸੁਰਿੰਦਰਜੀਤ ਵਰਮਾ, ਪ੍ਰਿੰਸੀਪਲ ਗੁਰਦਿਆਲ ਸਿੰਘ, ਸੁਪਰਡੈਂਟ ਪਵਨ ਕੁਮਾਰ, ਹਰਚੰਦ ਸਿੰਘ, ਨੌਹਰੀਆ ਸਿੰਘ, ਰਾਮ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਰਿਮਟ ਹਸਪਤਾਲ ’ਚ ਮੈਡੀਕਲ ਕੈਂਪ ਭਲਕੇ
ਮੰਡੀ ਗੋਬਿੰਦਗੜ੍ਹ: ਰਿਮਟ ਹਸਪਤਾਲ ’ਚ 26 ਜੂਨ ਨੂੰ ਮੈਡੀਕਲ ਕੈਂਪ ’ਚ ਅੱਖਾਂ, ਕੰਨ, ਦਿਲ, ਹੱਡੀਆਂ ਤੇ ਹੋਰ ਬਿਮਾਰੀਆਂ ਦੀ ਮੁਫ਼ਤ ਜਾਂਚ ਹੋਵੇਗੀ। ਖੂਨ ਦੇ ਸਾਰੇ ਟੈਸਟ ਮੁਫ਼ਤ ਕੀਤੇ ਜਾਣਗੇ। ਪ੍ਰਬੰਧਕਾਂ ਨੇ ਕਿਹਾ ਕਿ ਲੋੜ ਦੇ ਆਧਾਰ ’ਤੇ ਅਲਟਰਾਸਾਊਂਡ, ਸੀਟੀ ਸਕੈਨ, ਈਸੀਜੀ, ਖੂਨ ਦੀ ਜਾਂਚ, ਐਕਸਰੇ ਵੀ ਸਾਰੇ ਮੁਫ਼ਤ ਕੀਤੇ ਜਾਣਗੇ ਤੇ ਦਵਾਈਆਂ ਰਿਆਇਤ ਦਰਾਂ ’ਤੇ ਦਿੱਤੀਆਂ ਜਾਣਗੀਆਂ। -ਨਿੱਜੀ ਪੱਤਰ ਪ੍ਰੇਰਕ
ਵਨੀਤ ਵਰਮਾ ਦਾ ਵਪਾਰਕ ਜਥੇਬੰਦੀਆਂ ਵੱਲੋਂ ਸਨਮਾਨ
ਮੁਹਾਲੀ: ਪੰਜਾਬ ਟਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਵੱਲੋਂ ਸ਼ਹਿਰ ਵੱਖ-ਵੱਖ ਵਪਾਰਕ ਜਥੇਬੰਦੀਆਂ ਦੇ ਸਥਾਨਕ ਮੁੱਦਿਆਂ ਨੂੰ ਨਗਰ ਨਿਗਮ ਰਾਹੀਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦੇ ਧੰਨਵਾਦ ਵਜੋਂ ਇਨ੍ਹਾਂ ਸੰਸਥਾਂਵਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਫੇਜ਼ 5 ਮਾਰਕੀਟ ਦੇ ਪ੍ਰਧਾਨ ਰਾਜਪਾਲ ਚੌਧਰੀ, ਪਰਮਜੀਤ ਸਿੰਘ, ਅਮਰਜੀਤ ਸਿੰਘ ਨਾਗਪਾਲ, ਅਨੀਸ਼ ਸਿੰਗਲਾ, ਸੁਖਦੇਵ ਸਿੰਘ, ਸਤਨਾਮ ਸਿੰਘ, ਸੀਤਲ ਸਿੰਘ ਚੇਅਰਮੈਨ ਵਪਾਰ ਮੰਡਲ, ਅਰਵਿੰਦਰ ਸਿੰਘ ਉਦਯੋਗ ਐਸੋਸੀਏਸ਼ਨ ਅਤੇ ਗਗਨਦੀਪ ਕੁਮਾਰ, ਮਾਲ ਐਸੋਸੀਏਸ਼ਨ ਨੇ ਉਨ੍ਹਾਂ ਦਾ ਸਨਮਾਨਿਆ ਕੀਤਾ। -ਪੱਤਰ ਪ੍ਰੇਰਕ