ਸੀ ਬੀ ਆਈ ਵੱਲੋਂ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਨਾਭਾ ਦਾ 29 ਸਾਲਾ ਨੌਜਵਾਨ ਕ੍ਰਿਸ਼ਨੂੰ ਸ਼ਾਰਦਾ ਚਰਚਾ ’ਚ ਹੈ। ਸੀ ਬੀ ਆਈ ਨੇ ਉਸ ਕੋਲੋਂ 21 ਲੱਖ ਰੁਪਏ ਵੀ ਬਰਾਮਦ ਕੀਤੇ ਹਨ। ਨਾਭਾ ਦੀ ਹਰੀਦਾਸ ਕਲੋਨੀ ਦਾ ਵਸਨੀਕ ਕ੍ਰਿਸ਼ਨੂੰ ਕੌਮੀ ਪੱਧਰ ਦਾ ਸਾਬਕਾ ਹਾਕੀ ਖਿਡਾਰੀ ਹੈ। ਸਾਲ 2018 ਤੋਂ 2022 ਤੱਕ ਉਸ ਨੇ ਮੰਡੀ ਗੋਬਿੰਦਗੜ੍ਹ ਦੇ ਫਾਇਰ ਬ੍ਰਿਗੇਡ ਵਿਭਾਗ ਵਿੱਚ ਆਊਟਸੋਰਸ ਮੁਲਾਜ਼ਮ ਵਜੋਂ ਕੰਮ ਕੀਤਾ।
ਇਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਨਵਜੋਤ ਸਿੰਘ ਸਿੱਧੂ ਨਾਲ ਉਸ ਦੀ ਨੇੜਤਾ ਹੋ ਗਈ। ਪੁਲੀਸ ਸੂਤਰਾਂ ਅਨੁਸਾਰ ਉਹ ਕੁਝ ਸਮਾਂ ਨਵਜੋਤ ਸਿੰਘ ਸਿੱਧੂ ਦਾ ਸੋਸ਼ਲ ਮੀਡੀਆ ਇੰਚਾਰਜ ਵੀ ਰਿਹਾ। ਉਸ ਦੀ ਫੇਸਬੁੱਕ ਪ੍ਰੋਫਾਈਲ ’ਤੇ ਸੀਨੀਅਰ ਆਈ ਏ ਐੱਸ ਤੇ ਆਈ ਪੀ ਐੱਸ ਅਧਿਕਾਰੀਆਂ ਨਾਲ ਤਸਵੀਰਾਂ ਆਮ ਦੇਖੀਆਂ ਜਾ ਸਕਦੀਆਂ ਹਨ। ਕ੍ਰਿਸ਼ਨੂੰ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਨਾਲ ਸੰਪਰਕ ਬਣਾਉਣ ਵਿੱਚ ਮਾਹਿਰ ਹੈ। ਉਹ ਉੱਚ-ਪੱਧਰੀ ਸਬੰਧਾਂ ਦਾ ਖੁੱਲ੍ਹ ਕੇ ਦਿਖਾਵਾ ਕਰਦਾ ਸੀ। ਨਾਭਾ ਦੇ ਮਸ਼ਹੂਰ ਲਿਬਰਲ ਹਾਕੀ ਟੂਰਨਾਮੈਂਟ ਦੌਰਾਨ ਵੀ ਉਹ ਖਿਡਾਰੀਆਂ ਨੂੰ ਨਗਦ ਇਨਾਮ ਦੇਣ ਦੇ ਐਲਾਨ ਕਰਕੇ ਚਰਚਾ ਵਿੱਚ ਰਹਿੰਦਾ ਸੀ। ਪੁਲੀਸ ਸੂਤਰਾਂ ਮੁਤਾਬਕ ਉਸ ਦਾ ਰਸੂਖ ਇੰਨਾ ਵੱਧ ਗਿਆ ਸੀ ਕਿ ਕਈ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ ਆਪਣੀਆਂ ਬਦਲੀਆਂ ਕਰਵਾਉਣ ਜਾਂ ਬਦਲੀਆਂ ਦੀਆਂ ਲਿਸਟਾਂ ਦੀ ਅਗਾਊਂ ਜਾਣਕਾਰੀ ਲੈਣ ਲਈ ਉਸ ਨਾਲ ਸੰਪਰਕ ਕਰਦੇ ਸਨ।
ਇਹ ਵੀ ਪੜ੍ਹੋ: