ਨਿਗਮ ਦੀ ਆਜ਼ਾਦ ਚੋਣ ਲੜਨ ਵਾਲੇ ਕ੍ਰਿਪਾਨੰਦ ਠਾਕੁਰ ਕਾਂਗਰਸ ’ਚ ਸ਼ਾਮਲ
ਚੰਡੀਗੜ੍ਹ ਵਿੱਚ ਹੱਲੋਮਾਜਰਾ ਤੇ ਬਹਿਲਾਨਾ ਵਿੱਚ ਵਾਰਡ ਨੰਬਰ-20 ਤੋਂ ਨਗਰ ਨਿਗਮ ਦੀ ਚੋਣ ਆਜ਼ਾਦ ਉਮੀਦਵਾਰ ਵਜੋਂ ਲੜਨ ਵਾਲੇ ਕ੍ਰਿਪਾਨੰਦ ਠਾਕੁਰ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਤੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕ੍ਰਿਪਾਨੰਦ ਠਾਕੁਰ ਦਾ ਉਸ ਦੇ ਸਾਥੀਆਂ ਸਮੇਤ ਕਾਂਗਰਸ ਭਵਨ ਵਿੱਚ ਪਾਰਟੀ ਵਿੱਚ ਸਵਾਗਤ ਕੀਤਾ। ਸ੍ਰੀ ਤਿਵਾੜੀ ਨੇ ਕਿਹਾ ਕਿ ਪਿਛਲੀ ਨਗਰ ਨਿਗਮ ਚੋਣ ਵਿੱਚ ਕ੍ਰਿਪਾਨੰਦ ਠਾਕੁਰ ਨੇ ਆਜ਼ਾਦ ਉਮੀਦਵਾਰ ਵਜੋਂ 2800 ਵੋਟਾਂ ਹਾਸਲ ਕੀਤੀਆਂ ਸਨ ਅਤੇ ਉਹ 200 ਵੋਟਾਂ ਦੇ ਫਰਕ ਨਾਲ ਹਾਰ ਗਏ ਸੀ। ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਵਧੇਰੇ ਮਜ਼ਬੂਤੀ ਮਿਲੇਗੀ।
ਐੱਚਐੱਸ ਲੱਕੀ ਨੇ ਕਿਹਾ ਕਿ ਕ੍ਰਿਪਾਨੰਦ ਠਾਕੁਰ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ, ਜਿਨ੍ਹਾਂ ਦਾ ਇਲਾਕੇ ਵਿੱਚ ਵਧੇਰੇ ਮਜ਼ਬੂਤ ਪਕੜ ਹੈ। ਇਸ ਤੋਂ ਇਲਾਵਾ ਪੁਰਵਾਂਚਲੀ ਸਮੁਦਾਏ ਵਿੱਚ ਵੀ ਵਧੇਰੇ ਪ੍ਰਸਿੱਧ ਹਨ। ਇਸ ਲਈ ਕ੍ਰਿਪਾਨੰਦ ਠਾਕੁਰ ਦੇ ਕਾਂਗਰਸ ਵਿੱਚ ਆਉਣ ਨਾਲ ਕਾਂਗਰਸ ਪਾਰਟੀ ਵਧੇਰੇ ਮਜ਼ਬੂਤ ਹੋ ਗਈ ਹੈ। ਇਸ ਮੌਕੇ ਕ੍ਰਿਪਾਨੰਦ ਠਾਕੁਰ ਨੇ ਕਿਹਾ ਕਿ ਉਹ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਨੀਸ਼ ਤਿਵਾੜੀ ਵੱਲੋਂ ਚੰਡੀਗੜ੍ਹ ਦੇ ਲੋਕਾਂ ਦੀ ਆਵਾਜ਼ ਨੂੰ ਸੰਸਦ ਵਿੱਚ ਜ਼ੋਰ-ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ। ਇਸ ਨਾਲ ਚੰਡੀਗੜ੍ਹ ਦੇ ਕਈ ਮਸਲੇ ਹੱਲ ਹੋਣ ਦੇ ਰਾਹ ’ਤੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਮਨੀਸ਼ ਤਿਵਾੜੀ ਵੱਲੋਂ ਚੰਡੀਗੜ੍ਹ ਦੇ ਪਿੰਡਾਂ ਨੂੰ ਵੀ ਸ਼ਹਿਰਾਂ ਦੀ ਤਰਜ਼ ’ਤੇ ਵਿਕਸਿਤ ਕੀਤਾ ਜਾਵੇਗਾ।
ਲਾਲ ਸਿੰਘ ਬਸੋਲੀ ਸਾਥੀਆਂ ਸਣੇ ‘ਆਪ’ ’ਚ ਸ਼ਾਮਲ
ਲਾਲੜੂ (ਸਰਬਜੀਤ ਸਿੰਘ ਭੱਟੀ): ਲਾਲੜੂ ਹਲਕੇ ਦੀ ਸਿਆਸਤ ਵਿੱਚ ਉਸ ਵੇਲੇ ਹਲਚਲ ਹੋ ਗਈ, ਜਦੋਂ ਪਿੰਡ ਬਸੋਲੀ ਦੇ ਲਾਲ ਸਿੰਘ, ਜੋ ਪਹਿਲਾਂ ਸਰਪੰਚੀ ਦੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਰਹਿ ਚੁੱਕੇ ਹਨ, ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਲਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਲੋਕ-ਭਲਾਈ ਵਾਲੀ ਨੀਤੀਆਂ ਅਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਨਿਰਪੱਖ ਕਾਰਗੁਜ਼ਾਰੀ ਦੇ ਆਧਾਰ ’ਤੇ ਲਿਆ। ਇਸ ਮੌਕੇ ਵਿਧਾਇਕ ਰੰਧਾਵਾ ਨੇ ਲਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕਿਹਾ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੇ ਨਾਲ ਹੰਡੇਸਰਾ ਸਰਕਲ ਵਿੱਚ ਆਮ ਆਦਮੀ ਪਾਰਟੀ ਹੋਰ ਮਜਬੂਤ ਹੋਈ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਿੰਡ ਦੇ ਸਰਪੰਚ ਹਰਭਜਨ ਸਿੰਘ, ਬਲਾਕ ਪ੍ਰਧਾਨ ਬਲਬੀਰ ਸਿੰਘ ਅਤੇ ਪਾਰਟੀ ਦੇ ਆਗੂ ਹਰਦੇਵ ਸਿੰਘ ਜੀ ਮੌਜੂਦ ਸਨ।