ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 12 ਮਈ
ਯੁਵਕ ਸੇਵਾਵਾਂ ਕਲੱਬ ਗੁਡਾਣਾ ਅਤੇ ਯੁਵਕ ਸੇਵਾਵਾਂ ਕਲੱਬ ਢੇਲਪੁਰ ਵੱਲੋਂ ਸਾਂਝੇ ਤੌਰ ’ਤੇ ਕਰਾਏ 10ਵੇਂ ਸਾਲਾਨਾ ਕ੍ਰਿਕਟ ਟੂਰਨਾਮੈਂਟ ਵਿੱਚ ਖੇੜਾ ਗੱਜੂ ਨੇ ਢੇਲਪੁਰ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ 17 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 8100 ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਤੀਜਾ ਸਥਾਨ ਪਿੰਡ ਲਹਿਲੀ ਅਤੇ ਚੌਥਾ ਸਥਾਨ ਪਿੰਡ ਹਸਨਪੁਰ ਨੇ ਹਾਸਲ ਕੀਤਾ। ਪ੍ਰਿੰਸ ਢੇਲਪੁਰ ਨੂੰ ਮੈਨ ਆਫ਼ ਦਿ ਸੀਰੀਜ਼ ਇਨਾਮ ਤਹਿਤ ਫਰਾਟਾ ਪੱਖਾ ਦਿੱਤਾ ਗਿਆ।
ਟੂਰਨਾਮੈਂਟ ’ਚ ਕਾਂਗਰਸ ਪਾਰਟੀ ਦੇ ਪੰਚਾਇਤੀ ਰਾਜ ਵਿੰਗ ਦੇ ਜ਼ਿਲ੍ਹਾ ਚੇਅਰਮੈਨ ਭਲਵਾਨ ਅਮਰਜੀਤ ਸਿੰਘ ਗਿੱਲ ਲਖਨੌਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਜੇਤੂਆਂ ਨੂੰ ਇਨਾਮ ਵੰਡੇ। ਉਨ੍ਹਾਂ ਟੂਰਨਾਮੈਂਟ ਦਾ ਦੂਜਾ 8100 ਰੁਪਏ ਦਾ ਇਨਾਮ ਆਪਣੇ ਪੱਲਿਉਂ ਦੇਣ ਦਾ ਐਲਾਨ ਕੀਤਾ। ਸਰਪੰਚ ਗੁਡਾਣਾ ਗੁਰੰਜਟ ਸਿੰਘ, ਹਰਿੰਦਰ ਸਿੰਘ ਜੋਨੀ ਸਾਬਕਾ ਸਰਪੰਚ, ਸਰਪੰਚ ਢੇਲਪੁਰ ਸੁਖਵਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਬੰਧਕਾਂ ਜਤਿੰਦਰ ਢੇਲਪੁਰ, ਗੁਰਸੇਵਕ ਸੁਖਾਲਾ, ਭਿੰਦੀ ਢੇਲਪੁਰ, ਜਗਦੀਪ ਸੁਖਾਲਾ, ਜਗਤਾਰ ਸਿੰਘ, ਅਭਿਸ਼ੇਕ ਗੁਡਾਣਾ, ਜਸਕਰਨ ਗੁਡਾਣਾ ਆਦਿ ਨੇ ਦੱਸਿਆ ਕਿ ਟੂਰਨਾਮੈਂਟ ’ਚ 36 ਟੀਮਾਂ ਨੇ ਭਾਗ ਲਿਆ।