ਖਰੜ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
ਮਿਊਂਸਿਪਲ ਐਂਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਖਰੜ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਵੱਲੋਂ ਵਾਟਰ ਸਪਲਾਈ, ਸੀਵਰੇਜ ਦੀ ਮੈਂਟੀਨੈਂਸ ਅਤੇ ਡੋਰ ਟੂ ਡੋਰ ਸੋਲਿਡ ਵੇਸਟ ਦਾ ਕੰਮ ਠੇਕੇ ’ਤੇ ਦੇਣ ਦੀ ਸਕੀਮ ਵਿਰੁੱਧ ਅੱਜ ਬਾਅਦ ਦੁਪਹਿਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਕੁਮਾਰ, ਸਕੱਤਰ ਜੀ ਐੱਮ ਸਿੰਘ ਅਤੇ ਸਲਾਹਕਾਰ ਰਣਜੀਤ ਨੇ ਦੱਸਿਆ ਕਿ ਸਰਕਾਰ ਵੱਲੋਂ ਕੋਝੀਆਂ ਚਾਲਾਂ ਚੱਲਦੇ ਹੋਏ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਚੱਲਦੇ ਹੋਏ ਸ਼ਹਿਰਾਂ ਦੀ ਸਾਰੀ ਵਾਟਰ ਸਪਲਾਈ ਅਤੇ ਸੀਵਰੇਜ ਦੀ ਮੈਂਟੀਨੈਂਸ ਦਾ ਕੰਮ, ਡੋਰ ਟੂ ਡੋਰ, ਸੋਲਿਡ ਵੇਸਟ ਦੀ ਕੁਲੈਕਸ਼ਨ ਦਾ ਕੰਮ, ਰੋਡ ਸਵੀਪਿੰਗ ਦਾ ਕੰਮ ਵੱਡੇ ਪੱਧਰ ’ਤੇ ਟੈਂਡਰ ਲਗਾ ਕੇ ਠੇਕੇ ’ਤੇ ਦੇਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਕਾਰਵਾਈ ਮੌਕੇ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ। ਇਹ ਕੰਮ ਸਰਕਾਰ ਵੱਲੋਂ ਨਗਰ ਕੌਂਸਲ ਦੀ ਬਿਨਾਂ ਹਾਊੂਸ ਦੀ ਪ੍ਰਵਾਨਗੀ ਤੋਂ ਅਤੇ ਮਤਾ ਪਾਸ ਕਰਵਾਏ ਬਿਨਾਂ ਹੀ ਟੈਂਡਰ ਲਗਾ ਕੇ ਕਰਵਾਇਆ ਜਾ ਰਿਹਾ ਹੈ ਜੋ ਕਿ ਰੂਲਜ਼ ਦੀ ਉਲੰਘਣਾ ਹੈ, ਜਿਸ ਨਾਲ ਪੰਜਾਬ ਦੇ ਸਮੂਹ ਮੁਲਾਜ਼ਮਾਂ ਵਿੱਚ ਰੋਸ ਹੈ। ਉਨ੍ਹਾਂ ਅੱਜ ਬਾਅਦ ਦੁਪਹਿਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਨਗਰ ਕੌਸਲ ਦੇ ਕਾਰਜਸਾਧਕ ਅਫਸਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਸਰਕਾਰ ਪੱਧਰ ’ਤੇ ਹੋਇਆ ਹੈ ਅਤੇ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ:::ਨਾਅਰੇਬਾਜ਼ੀ ਕਰਦੇ ਹੋਏ ਨਗਰ ਕੌਂਸਲ ਖਰੜ ਦੇ ਮੁਲਾਜ਼ਮ।