ਨਗਰ ਕੌਂਸਲ ਖਮਾਣੋਂ ਵੱਲੋਂ ਕਈ ਮਤੇ ਪਾਸ
ਨਗਰ ਕੌਂਸਲ ਦਫ਼ਤਰ ਖਮਾਣੋਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ’ਚ ਵਿਕਾਸ ਕਾਰਜਾਂ ਨੂੰ ਲੈ ਕੇ ਕਾਰਜਸਾਧਕ ਅਫਸਰ ਜਸਵੀਰ ਸਿੰਘ ਦੀ ਹਾਜ਼ਰੀ ’ਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ। ਜਿਵੇਂ ਹੀ ਪ੍ਰਧਾਨ ਗੁਰਦੀਪ ਸਿੰਘ ਨੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਦਾ ਏਜੰਡਾ ਬੋਲਿਆ ਤਾਂ ਪੰਜ ਕੌਂਸਲਰਾਂ ਬਲਜੀਤ ਕੌਰ, ਮਨਦੀਪ ਕੌਰ, ਹਰਜੀਤ ਕੌਰ, ਮਨਜੀਤ ਕੌਰ, ਕੁਸਮ ਵਰਮਾ ਮੀਟਿੰਗ ਦਾ ਬਾਈਕਾਟ ਕਰਕੇ ਹਾਊਸ ਤੋਂ ਬਾਹਰ ਚਲੇ ਗਏ। ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਮੌਜੂਦ 8 ਬਹੁਸੰਮਤੀ ਮੈਂਬਰਾਂ ’ਚ ਸਾਬਕਾ ਪ੍ਰਧਾਨ ਨਗਰ ਡਾ. ਅਮਰਜੀਤ ਸੋਹਲ, ਉਪ ਪ੍ਰਧਾਨ ਰਾਜੀਵ ਅਹੂਜਾ, ਗੁਰਿੰਦਰ ਸਿੰਘ ਸੋਨੀ, ਹਰਦੀਪ ਸਿੰਘ, ਰਣਵੀਰ ਸਿੰਘ ਕੰਗ ਸੁਖਵਿੰਦਰ ਸਿੰਘ ਤੇ ਸੁਖਵਿੰਦਰ ਕੌਰ ਆਦਿ ਕੌਂਸਲਰਾਂ ਨੇ ਸ਼ਹਿਰ ਵਾਸੀਆਂ ਦੇ ਹਿੱਤ ’ਚ ਕਈ ਵਿਕਾਸ ਕਾਰਜਾਂ ਸੰਬਧੀ ਮਤੇ ਅਤੇ ਜ਼ਰੂਰੀ ਮਤੇ ਪਾਸ ਕੀਤੇ। ਜਿਨਾਂ ਨੂੰ ਬਹੁਤਸੰਮਤੀ 8 ਕੌਂਸਲਰਾਂ ਨੇ ਪ੍ਰਵਾਨਗੀ ਦੇ ਕੇ ਪਾਸ ਕਰ ਦਿੱਤਾ। ਇਸ ਮੌਕੇ ਗੁਰਦੀਪ ਸਿੰਘ ਪ੍ਰਧਾਨ ਨਗਰ ਕੌਂਸਲ ਖਮਾਣੋ ਅਤੇ ਉਪ ਪ੍ਰਧਾਨ ਰਾਜੀਵ ਅਹੂਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਅਧੂਰੇ ਪਏ ਵਿਕਾਸ ਕਾਰਜ ਜਾਂ ਨਵੇਂ ਵਿਕਾਸ ਕਾਰਜਾਂ ਲਈ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਸਬੰਧੀ ਜਦੋਂ ਬਾਈਕਾਟ ਕਰਨ ਵਾਲੀ ਦੂਸਰੀ ਧਿਰ ਦੇ 5 ਕੌਂਸਲਰਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵੱਲੋਂ ਮਨਦੀਪ ਕੌਰ ਵਾਰਡ ਨੰਬਰ 13 ਨੇ ਆਪਣਾ ਪੱਖ ਰੱਖਦਿਆਂ ਸਪੱਸ਼ਟ ਕੀਤਾ,‘‘ਅਸੀਂ 5 ਕੌਂਸਲਰ ਅੱਜ ਦੀ ਮੀਟਿੰਗ ’ਚ ਹਿੱਸਾ ਲੈਣ ਲਈ ਨਗਰ ਕੌਂਸਲ ਖਮਾਣੋਂ ਦੇ ਹਾਊਸ ਗਏ ਸੀ, ਜਿੱਥੇ ਪੇਸ਼ ਕੀਤੇ ਏਜੰਡੇ ਵਿੱਚ ਸਾਡੀ ਕਿਸੇ ਵੀ ਵਾਰਡ ਨਾਲ ਸਬੰਧਤ ਵਿਕਾਸ ਕਾਰਜ ਸੂਚੀ ਵਿੱਚ ਨਹੀਂ ਸਨ, ਜਿਸ ਕਰਕੇ ਅਸੀਂ ਇਸ ਮੀਟਿੰਗ ਦਾ ਬਾਈਕਾਟ ਕਰਕੇ ਪੰਜ ਕੌਂਸਲਰ ਹਾਊਸ ਤੋਂ ਬਾਹਰ ਆ ਗਏ।’’