ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸਰਹਿੰਦ ਵਿੱਚ ਗੈਸ ਏਜੰਸੀਆਂ ਤੇ ਗੋਦਾਮਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਮੰਤਰੀ ਨੇ ਤੋਲ ਕੰਡਿਆ ਵਿੱਚ ਊਣਤਾਈਆਂ ਪਾਏ ਜਾਣ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਉਪਭੋਗਤਾਵਾਂ ਦਾ ਵਿੱਤੀ ਸੋਸ਼ਣ ਅਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਨੇ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਗੈਸ ਏਜੰਸੀਆਂ ਵਿੱਚ ਖ਼ਪਤਕਾਰਾਂ ਦੀ ਖੱਜਲ-ਖ਼ੁਆਰੀ ਜਾਂ ਵਿੱਤੀ ਲੁੱਟ ਬਰਦਾਸ਼ਤ ਨਹੀਂ ਹੋਵੇਗੀ ਅਤੇ ਅਜਿਹਾ ਕਰਨ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਝ ਏਜੰਸੀਆਂ ਵੱਲੋਂ ਗੈਸ ਸਿਲੰਡਰਾਂ ਦੇ ਤੋਲ ਕੰਡੇ ਸਬੰਧੀ ਨਿਯਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਇਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਡੀਐੱਫਸੀ ਨੂੰ ਵਿਭਾਗੀ ਕਾਰਵਾਈ ਦੀ ਹਦਾਇਤ ਕੀਤੀ। ਉਨ੍ਹਾਂ ਖ਼ਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਗੈਸ ਸਪਲਾਈ ਲੈਣ ਮੌਕੇ ਸਿਲੰਡਰਾਂ ਦੀ ਤੁਲਵਾਈ ਕਰਵਾਉਣ ਕਿਉਂਕਿ ਸਪਲਾਈ ਕਰਨ ਵਾਲਿਆਂ ਲਈ ਕੰਡੇ ਨਾਲ ਰੱਖਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ’ਤੇ ਤੋਲ ਕੰਡੇ ਹਨ ਜੋ ਸਰਕਾਰੀ ਤੌਰ ’ਤੇ ਪ੍ਰਵਾਣਿਤ ਨਹੀਂ। ਉਨ੍ਹਾਂ ਮੌਕੇ ’ਤੇ ਗੈਸ ਖ਼ਪਤਕਾਰਾਂ ਤੋਂ ਵੀ ਫੀਡਬੈਕ ਵੀ ਲਈ। ਇਸ ਮੌਕੇ ਕੰਟਰੋਲਰ ਮਨੋਹਰ ਸਿੰਘ ਗਿੱਲ ਅਤੇ ਡੀਐੱਫਐੱਸਸੀ ਮੀਨਾਕਸ਼ੀ ਆਦਿ ਮੌਜੂਦ ਸਨ।
Advertisement
Advertisement
Advertisement
Advertisement
×