ਕਾਰਗਿੱਲ ਵਿਜੈ ਦਿਵਸ: ਕੈਪਟਨ ਵਿਕਰਮ ਬੱਤਰਾ ਨੂੰ ਸ਼ਰਧਾਂਜਲੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੁਲਾਈ
ਭਾਰਤੀ ਫੌਜ ਨੇ ਕਾਰਗਿੱਲ ਵਿਜੈ ਦਿਵਸ ਦੀ 26ਵੀਂ ਵਰ੍ਹੇਗੰਢ ਮੌਕੇ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਪਰਮਵੀਰ ਚੱਕਰ ਨਾਲ ਸਨਮਾਨਿਤ ਕੈਪਟਨ ਵਿਕਰਮ ਬੱਤਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਸ ਦੌਰਾਨ ਕੈਪਟਨ ਬੱਤਰਾ ਦੇ ਪਿਤਾ ਗਿਰਧਾਰੀ ਲਾਲ ਬੱਤਰਾ ਅਤੇ ਭਰਾ ਵਿਸ਼ਾਲ ਬੱਤਰਾ ਨੂੰ ਸਨਮਾਨਿਤ ਕੀਤਾ ਗਿਆ ਹੈ। ਕੈਪਟਨ ਬੱਤਰਾ ਦੇ ਪਿਤਾ ਗਿਰਧਾਰੀ ਲਾਲ ਬੱਤਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਵਿਕਰਮ ਬੱਤਰਾ ਦੀ ਕੁਰਬਾਨੀ ਤੇ ਬਹਾਦਰੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਦਾ ਜੋਸ਼ੀਲਾ ਨਾਅਰਾ ‘ਯੇ ਦਿਲ ਮਾਂਗੇ ਮੋਰ’ ਅੱਜ ਵੀ ਹਰ ਭਾਰਤੀ ਦੇ ਦਿਲ ਵਿੱਚ ਗੂੰਜਦਾ ਹੈ, ਜੋ ਰਾਸ਼ਟਰ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦੀ ਯਾਦ ਦਿਵਾਉਂਦਾ ਹੈ। ਐੱਨਸੀਸੀ ਚੰਡੀਗੜ੍ਹ ਦੇ ਕਮਾਂਡਰ, ਬ੍ਰਿਗੇਡੀਅਰ ਵੀਐੱਸ ਚੌਹਾਨ ਨੇ ਕੈਡਿਟਾਂ ਨੂੰ ਕੈਪਟਨ ਬੱਤਰਾ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਤਸ਼ਾਹਿਤ ਕੀਤਾ। ਡੀਏਵੀ ਕਾਲਜ ਦੀ ਪ੍ਰਿੰਸੀਪਲ ਮੋਨਾ ਨਾਰੰਗ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਰੱਖਿਆ ਲਈ ਅੱਗੇ ਆਉਣ ਅਤੇ ਬੱਤਰਾ ਵਰਗੇ ਦੇਸ਼ ਭਗਤਾ ਦੇ ਜੀਵਨ ਤੋਂ ਸਿੱਖਣ ’ਤੇ ਜ਼ੋਰ ਦਿੱਤਾ। ਇਸ ਮੌਕੇ ਕੈਪਟਨ ਵਿਕਰਮ ਬੱਤਰਾ ਦੇ ਜੀਵਨ ਤੇ ਕੁਰਬਾਨੀ ’ਤੇ ਛੋਟੀ ਫਿਲਮ ਦਿਖਾਈ ਗਈ ਅਤੇ ਐੱਨਸੀਸੀ ਕੈਡੇਟ ਦੁਆਰਾ ਉਨ੍ਹਾਂ ਦੀ ਬਹਾਦਰੀ ਅਤੇ ਵਿਰਾਸਤ ਨੂੰ ਉਜਾਗਰ ਕਰਦੇ ਹੋਏ ਭਾਸ਼ਣ ਵੀ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕੈਪਟਨ ਵਿਕਰਮ ਬੱਤਰਾ 7 ਜੁਲਾਈ 1999 ਨੂੰ ਅਪਰੇਸ਼ਨ ਵਿਜੈ ਦੌਰਾਨ ਸ਼ਹੀਦ ਹੋ ਗਏ ਸਨ।