ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਬਿਰਧ ਆਸ਼ਰਮ ਦਾ ਦੌਰਾ
ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸੈਕਟਰੀ ਅਮਨਦੀਪ ਕੌਰ ਨੇ ਇੱਥੋਂ ਦੇ ਸੱਤਿਆ ਦੇਵੀ ਮੈਮੋਰੀਅਲ ਸੀਨੀਅਰ ਸਿਟੀਜ਼ਨ ਹੋਮ ਅਤੇ ਐੱਸਐੱਸ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦਾ ਦੌਰਾ ਕੀਤਾ। ਉਨ੍ਹਾਂ ਦਾ ਆਸ਼ਰਮ ਵਿੱਚ ਪਹੁੰਚਣ ’ਤੇ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਮੁੱਖ ਕਾਰਜਕਰਤਾ ਪ੍ਰੋ. ਆਰਸੀ ਢੰਡ, ਆਸ਼ਾ ਰਾਣੀ ਅਤੇ ਹਰਸ਼ ਵਿਵੇਕ ਸਣੇ ਸਮੂਹ ਸਟਾਫ ਨੇ ਸਵਾਗਤ ਕੀਤਾ। ਉਨ੍ਹਾਂ ਆਸ਼ਰਮ ਵਿੱਚ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਹਾਲ-ਚਾਲ ਪੁੱਛਿਆ ਅਤੇ ਪ੍ਰਬੰਧਕਾਂ ਵੱਲੋਂ ਦਿੱਤੀ ਜਾਂਦੀਆਂ ਸਹੂਲਤਾਂ ਸਬੰਧੀ ਵੀ ਗੱਲਬਾਤ ਕੀਤੀ। ਬਜ਼ੁਰਗਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਇਥੇ ਆਸ਼ਰਮ ਵਿੱਚ ਰਹਿ ਕੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਦੀ ਸੇਵਾ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਪ੍ਰੋ. ਢੰਡ ਨੇ ਮੈਜਿਸਟ੍ਰੇਟ ਨੂੰ ਦੱਸਿਆ ਕਿ ਆਸ਼ਰਮ ਵਿੱਚ ਰਹਿ ਰਹੇ ਕੁੱਝ ਬਜ਼ੁਰਗਾਂ ਦੇ ਆਧਾਰ ਕਾਰਡ ਨਹੀਂ ਹਨ ਜਿਸ ਕਰ ਕੇ ਉਹ ਸਰਕਾਰੀ ਸਹੂਲਤਾਂ ਤੋਂ ਵਾਂਝੇ ਹਨ। ਮੈਜਿਸਟ੍ਰੇਟ ਅਮਨਦੀਪ ਕੌਰ ਨੇ ਆਧਾਰ ਕਾਰਡ ਬਣਾਉਣ ਲਈ ਟੀਮ ਨੂੰ ਫੋਨ ਕੀਤਾ। ਇਸ ਮੌਕੇ ਡਾ. ਸੁਦੇਸ਼ ਸ਼ਰਮਾ ਅਤੇ ਡਾ. ਰਾਜਪਾਲ ਸਿੰਘ ਚੌਧਰੀ ਆਦਿ ਹਾਜ਼ਰ ਸਨ।