ਅਮਰੀਕਾ: ਸੜਕ ਹਾਦਸੇ ’ਚ ਹਰਮਨਜੀਤ ਸਿੰਘ ਹਲਾਕ
ਜਗਮੋਹਨ ਸਿੰਘ
ਰੂਪਨਗਰ, 17 ਫਰਵਰੀ
ਅਮਰੀਕਾ ਵਿਚ ਹੋਏ ਇੱਕ ਸੜਕ ਹਾਦਸੇ ਵਿਚ ਪ੍ਰੈੱਸ ਕਲੱਬ ਰੂਪਨਗਰ ਦੇ ਜਨਰਲ ਸਕੱਤਰ ਤੇ ਖੈਰਾਬਾਦ ਪ੍ਰਿੰਟਿੰਗ ਪ੍ਰੈੱਸ ਦੇ ਮਾਲਕ ਤੇਜਿੰਦਰ ਸਿੰਘ ਸੈਣੀ ਦੇ ਬੇਟੇ ਹਰਮਨਜੀਤ ਸਿੰਘ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਮਨਜੀਤ ਸਿੰਘ ਕੈਨੇਡਾ ਵਿਚ ਟਰਾਲਾ ਚਲਾਉਂਦਾ ਸੀ ਤੇ ਅਮਰੀਕਾ ਜਾ ਰਿਹਾ ਸੀ ਕਿ ਇੱਕ ਸੁਰੰਗ ਵਿਚ ਹਾਦਸਾ ਵਾਪਰ ਗਿਆ ਤੇ ਹਰਮਨਜੀਤ ਸਿੰਘ ਦੀ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਰੂਪਨਗਰ ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਦੁੱਖ ਦਾ ਪ੍ਰਗਟਾਵਾਂ ਕੀਤਾ ਹੈ। ਇਸ ਤੋਂ ਇਲਾਵਾ ਕੌਮੀ ਘੱਟ ਗਿਣਤੀ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਵਿਧਾਇਕ ਦਿਨੇਸ਼ ਚੱਢਾ, ਵਿਧਾਇਕ ਡਾ. ਚਰਨਜੀਤ ਸਿੰਘ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ, ਕਾਂਗਰਸ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।