ਸੰਯੁਕਤ ਸਕੱਤਰ ਵੱਲੋਂ ਜਲ ਸ਼ਕਤੀ ਅਭਿਆਨ ਦੀ ਸਮੀਖਿਆ
ਕੁਲਦੀਪ ਸਿੰਘ
ਚੰਡੀਗੜ੍ਹ, 27 ਜੂਨ
‘ਜਲ ਸ਼ਕਤੀ ਅਭਿਆਨ: ਕੈਚ ਦਿ ਰੇਨ 2025’ ਤਹਿਤ ਟਿਕਾਊ ਪਾਣੀ ਪ੍ਰਬੰਧਨ ਲਈ ਭਾਰਤ ਸਰਕਾਰ ਦੇ ਨਿਰੰਤਰ ਯਤਨਾਂ ਦੇ ਹਿੱਸੇ ਵਜੋਂ ਸੰਯੁਕਤ ਸਕੱਤਰ, ਵਣਜ ਅਤੇ ਉਦਯੋਗ ਮੰਤਰਾਲੇ (ਡੀਪੀਆਈਆਈਟੀ) ਗੁਰਨੀਤ ਤੇਜ ਨੇ ਕੇਂਦਰੀ ਭੂਮੀਗਤ ਜਲ ਬੋਰਡ ਦੇ ਵਿਗਿਆਨੀ-ਸੀ ਸੁਜਾਤਰੋ ਰਾਏ ਚੌਧਰੀ ਨਾਲ ਚੰਡੀਗੜ੍ਹ ਦਾ ਤਿੰਨ ਰੋਜ਼ਾ ਵਿਆਪਕ ਸਮੀਖਿਆ ਦੌਰਾ ਕੀਤਾ।
ਦੌਰੇ ਦੀ ਸ਼ੁਰੂਆਤ ਸੈਕਟਰ-17 ਨਿਗਮ ਦਫ਼ਤਰ ਵਿੱਚ ਕਮਿਸ਼ਨਰ ਅਮਿਤ ਕੁਮਾਰ ਵੱਲੋਂ ਰਸਮੀ ਸਵਾਗਤ ਨਾਲ ਹੋਈ। ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ, ਮੁੱਖ ਇੰਜਨੀਅਰ ਸੰਜੇ ਅਰੋੜਾ ਅਤੇ ਜੰਗਲਾਤ ਵਿਭਾਗ ਯੂਟੀ ਇੰਜਨੀਅਰਿੰਗ, ਜਨ ਸਿਹਤ ਇੰਜਨੀਅਰਿੰਗ ਅਤੇ ਜਲ ਸ਼ਕਤੀ ਅਭਿਆਨ ਤਕਨੀਕੀ ਟੀਮ ਦੇ ਪ੍ਰਤੀਨਿਧੀਆਂ ਸਣੇ ਮੁੱਖ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉੱਚ-ਪੱਧਰੀ ਬ੍ਰੀਫਿੰਗ ਕੀਤੀ ਗਈ। ਨਿਗਮ ਕਮਿਸ਼ਨਰ ਨੇ ਸ਼ਹਿਰ ਦੇ ਮੁੱਖ ਜਲ ਸੰਭਾਲ ਉਪਰਾਲੇ ਪੇਸ਼ ਕੀਤੇ। ਇਨ੍ਹਾਂ ਵਿੱਚ ਜਨਤਕ ਅਤੇ ਨਿੱਜੀ ਇਮਾਰਤਾਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀਆਂ ਦੀ ਸਥਾਪਨਾ, ਪੀਣ ਯੋਗ ਨਾ ਹੋਣ ਵਾਲੇ ਉਦੇਸ਼ਾਂ ਲਈ ਤੀਜੇ ਦਰਜੇ ਦੇ ਸੋਧੇ ਹੋਏ ਪਾਣੀ ਦੀ ਵਰਤੋਂ, ਅੰਮ੍ਰਿਤ ਸਰੋਵਰ ਸਣੇ ਝੀਲਾਂ ਦੀ ਪੁਨਰ ਸੁਰਜੀਤੀ ਅਤੇ ਸੁਖਨਾ ਵਾਈਲਡਲਾਈਫ ਸੈਂਚੁਰੀ ਨੇੜੇ ਜੰਗਲਾਤ ਮੁਹਿੰਮ ਸ਼ਾਮਲ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਈ ਪ੍ਰਾਜੈਕਟ ਸਥਾਨਾਂ ਦਾ ਵੀ ਦੌਰਾ ਕੀਤਾ। ਸ਼ਹਿਰ ਦੇ ਏਕੀਕ੍ਰਿਤ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਸ੍ਰੀਮਤੀ ਤੇਜ ਨੇ ਕਿਹਾ ਕਿ ਚੰਡੀਗੜ੍ਹ ਟਿਕਾਊ ਸ਼ਹਿਰੀ ਜਲ ਪ੍ਰਬੰਧਨ ਲਈ ਇੱਕ ਮਾਡਲ ਵਜੋਂ ਉਭਰਿਆ ਹੈ।
ਸ੍ਰੀ ਚੌਧਰੀ ਨੇ ਧਨਾਸ ਝੀਲ ’ਤੇ ਫਲੋਟਿੰਗ ਸੋਲਰ ਦੀ ਜਨਤਕ ਜਾਗਰੂਕਤਾ ਅਤੇ ਵਰਤੋਂ ਵਿੱਚ ਜਲ ਸ਼ਕਤੀ ਕੇਂਦਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ।