ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਪ੍ਰੈੱਸ ਕਾਨਫ਼ਰੰਸ ਰਾਹੀਂ ਹਲਕਾ ਮੁਹਾਲੀ ਦੇ ਵਿਧਾਇਕ ’ਤੇ ਸ਼ਹਿਰ ਦਾ ਵਿਕਾਸ ਰੋਕਣ ਦੇ ਦੋਸ਼ ਲਾਏ ਹਨ। ਉਨ੍ਹਾਂ ਨਾਲ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਮੀਨਾ ਕੌਂਡਲ, ਲਖਬੀਰ ਸਿੰਘ, ਗੁਰਸਾਹਿਬ ਸਿੰਘ ਅਤੇ ਸਣੇ ਹੋਰ ਹਾਜ਼ਰ ਸਨ। ਮੇਅਰ ਨੇ ਕਿਹਾ ਕਿ ਵਿਧਾਇਕ ਦੀ ਸਿਆਸੀ ਦਖ਼ਲਅੰਦਾਜ਼ੀ ਕਾਰਨ ਸ਼ਹਿਰ ਦੇ ਜਾਇਜ਼ ਕੰਮ ਰੁਕੇ ਪਏ ਹਨ।
ਮੇਅਰ ਨੇ ਕਿਹਾ ਕਿ ਸੈਕਟਰ 76 ਤੋਂ 80 ਦੇ ਅਨੇਕਾਂ ਕੰਮਾਂ ਦੇ ਵਰਕ ਆਰਡਰ ਹੋਣ ਦੇ ਬਾਵਜੂਦ ਕੰਮ ਆਰੰਭ ਨਹੀਂ ਹੋਣ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਧਾਇਕ ਦੀ ਧਿਰ ਵਾਲੇ ਕੌਂਸਲਰਾਂ ਦੇ ਕੰਮ ਬਿਨਾਂ ਕਿਸੇ ਰੁਕਾਵਟ ਤੋਂ ਹੋ ਰਹੇ ਹਨ। ਉਨ੍ਹਾਂ ਸ਼ਹਿਰ ਦੀ ਸਫ਼ਾਈ ਦੀ ਹਾਲਤ, ਕੂੜੇ ਦੀ ਆਮਦ, ਨਿਗਮ ਦੀ ਹੱਦਬੰਦੀ ਸਬੰਧੀ ਵੀ ਵਿਧਾਇਕ ’ਤੇ ਕਈ ਦੋਸ਼ ਲਗਾਏ। ਮੇਅਰ ਨੇ ਕਿਹਾ ਕਿ ਸ਼ਹਿਰ ਦੀ ਭਲਾਈ ਲਈ ਉਹ ਸੰਘਰਸ਼ ਅਤੇ ਅਦਾਲਤ ਦੋਵੇਂ ਤਰ੍ਹਾਂ ਦੇ ਰਾਹ ਅਪਣਾਉਣਗੇ।
ਕੁਰਸੀ ਜਾਂਦੀ ਦੇਖ ਬਹਾਨੇ ਲਾ ਰਹੇ ਨੇ ਮੇਅਰ: ਵਿਧਾਇਕ
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਮੁਹਾਲੀ ਸ਼ਹਿਰ ਦੇ ਵਿਕਾਸ ਲਈ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਸ਼ਹਿਰ ਵਾਸੀ ਜਾਣਦੇ ਹਨ ਕਿ ਉਨ੍ਹਾਂ ਦਾ ਟੀਚਾ ਕੰਮ ਕਰਾਉਣਾ ਹੈ, ਕੰਮ ਰੋਕਣਾ ਨਹੀਂ। ਉਨ੍ਹਾਂ ਕਿਹਾ ਕਿ ਫ਼ਰਵਰੀ ਵਿਚ ਮੇਅਰ ਨੂੰ ਆਪਣੀ ਕੁਰਸੀ ਜਾਂਦੀ ਦਿਖ ਰਹੀ ਹੈ ਅਤੇ ਇਸ ਕਰਕੇ ਉਹ ਅਜਿਹੀ ਬਹਾਨੇ ਲਾ ਕੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਵਿਚ ਲੱਗੇ ਹੋਏ ਹਨ।

