ਬੁੜੈਲ ਜੇਲ੍ਹ ’ਚ ਕੈਦੀਆਂ ਦੇ ਸੁਧਾਰ ਲਈ ਆਈਟੀਆਈ ਸਥਾਪਤ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸਥਿਤ ਮਾਡਲ ਜੇਲ੍ਹ ਬੁੜੈਲ ਵਿੱਚ ਬੰਦ ਕੈਦੀਆਂ ਦੇ ਬੰਦੀਆਂ ਦਾ ਸੁਧਾਰ ਕਰਨ ਲਈ ਅਤੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਲਈ ਆਈਟੀਆਈ ਦੀ ਸਥਾਪਤ ਕੀਤੀ ਗਈ ਹੈ। ਜੇਲ੍ਹ ਵਿੱਚ ਸਥਾਪਤ ਕੀਤੀ ਗਈ ਆਈਟੀਆਈ ਦਾ ਉਦਘਾਟਨ 25 ਸਤੰਬਰ 2025 ਨੂੰ ਪੰਡਿਤ ਦੀਨ ਦਿਆਲ ਉਪਾਦਿਆ ਦੀ ਜੈਯੰਤੀ ’ਤੇ ਕੀਤਾ ਜਾਵੇਗਾ। ਬੁੜੈਲ ਜੇਲ੍ਹ ਵਿਖੇ ਸਥਾਪਤ ਕੀਤੀ ਗਈ ਆਈਟੀਆਈ ਦਾ ਅੱਜ ਕੇਂਦਰੀ ਰਾਜ ਮੰਤਰੀ ਜੈਯੰਤ ਚੌਧਰੀ ਨੇ ਦੌਰਾਨ ਕੀਤਾ। ਇਸ ਦੌਰਾਨ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਸਿੱਖਿਆ ਸਕੱਤਰ ਪ੍ਰੇਰਨਾ ਪੂਰੀ, ਆਈਜੀ ਜੇਲ੍ਹਾਂ ਪੁਸ਼ਪਿੰਦਰ ਕੁਮਾਰ, ਵਧੀਕ ਆਈਜੀ ਜੇਲ੍ਹ ਪਾਲਿਕਾ ਅਰੋੜਾ ਅਤੇ ਹੋਰ ਚੰਡੀਗੜ੍ਹ ਪ੍ਰਸ਼ਾਸਨ ਤੇ ਜੇਲ੍ਹ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।
ਪ੍ਰਾਪਤ ਜਾਣਕਾਰੀ ਅਨੁਸਾਰ ਬੁੜੈਲ ਜੇਲ੍ਹ ਵਿੱਚ ਸਥਾਪਤ ਕੀਤੀ ਗਈ ਆਈਟੀਆਈ ਵਿੱਚ ਕੈਦੀਆਂ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਸ਼ੁਰੂਆਤੀ ਦੌਰ ਵਿੱਚ ਕੈਦੀਆਂ ਤੇ ਬੰਦੀਆਂ ਨੂੰ ਆਈਟੀਆਈ ਵਿੱਚ ਲਕੜੀ ਦੇ ਕੰਮ ਅਤੇ ਸਿਲਾਈ ਬਾਰੇ ਸਿਖਲਾਈ ਦਿੱਤੀ ਜਾਵੇਗੀ, ਜਦੋਂ ਕਿ ਹੋਰਨਾਂ ਟਰੇਡ ਨੂੰ ਬਾਅਦ ਵਿੱਚ ਸ਼ਾਮਲ ਕੀਤਾ ਜਾਵੇਗਾ। ਜੇਲ੍ਹ ਵਿੱਚ ਲੱਕੜ ਦੇ ਕੰਮ ਦੀ ਸਿਖਲਾਈ ਲਈ 24 ਉਮੀਦਵਾਰਾਂ ਦਾ ਇਕ ਅਤੇ ਸਿਲਾਈ ਦੇ ਕੰਮ ਦੀ ਸਿਖਲਾਈ ਲਈ 24-24 ਉਮੀਦਵਾਰਾਂ ਦੇ ਦੋ ਬੈੱਚ ਸ਼ੁਰੂ ਕੀਤੇ ਜਾਣਗੇ। ਇਹ ਕਦਮ ਸਜਾ ਪੂਰੀ ਕਰਨ ਵਾਲੇ ਕੈਦੀਆਂ ਦੇ ਸਮਾਜ ਵਿੱਚ ਪੁਨਰਵਾਸ ਲਈ ਚੁੱਕਿਆ ਗਿਆ ਹੈ। ਇਸ ਨਾਲ ਸਜ਼ਾ ਪੁਰੀ ਕਰਨ ਤੋਂ ਬਾਅਦ ਕੈਦੀ ਆਪਣੀ ਜ਼ਿੰਦਗੀ ਨੂੰ ਆਮ ਲੋਕਾਂ ਵਾਂਗ ਵਧੀਆ ਢੰਗ ਨਾਲ ਗੁਜ਼ਾਰ ਸਕਣਗੇ। ਕੇਂਦਰੀ ਰਾਜ ਮੰਤਰੀ ਜੈਯੰਤ ਚੌਧਰੀ ਨੇ ਬੁੜੈਲ ਜੇਲ੍ਹ ਵਿੱਚ ਕੈਦੀਆਂ ਦੇ ਬੰਦੀਆਂ ਨੂੰ ਤਕਨੀਕੀ ਸਿੱਖਿਆ ਪ੍ਰਧਾਨ ਕਰਨ ਲਈ ਆਈਟੀਆਈ ਸਥਾਪਤ ਕਰਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਮੁੱਖ ਮੰਤਵ ਵਿਅਕਤੀ ਨਿਰਮਾਣ ਕਰਨਾ ਹੈ ਤਾਂ ਜੋ ਲੋਕ ਆਪਣੀ ਜ਼ਿੰਦਗੀ ਵਿੱਚ ਕੁਝ ਕਾਮਯਾਬੀ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਕੈਦੀਆਂ ਦੇ ਸੁਧਾਨ ਨੂੰ ਲੈ ਕੇ ਹੋਰ ਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬੁੜੈਲ ਜੇਲ੍ਹ ਵਿੱਚ ਆਈਟੀਆਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੁੜੈਲ ਜੇਲ੍ਹ ਵਿੱਚ ਕੈਦੀਆਂ ਤੇ ਬੰਦੀਆਂ ਦੇ ਸੁਧਾਰ ਲਈ ਹੋਰ ਵੀ ਕਈ ਤਰ੍ਹਾਂ ਦੀਆਂ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।