ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਜੁਲਾਈ
ਯੂਟੀ ਦੇ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਕਿਹਾ ਗਿਆ ਸੀ। ਇਨ੍ਹਾਂ ਨਿਰਦੇਸ਼ਾਂ ਕਾਰਨ ਚੰਡੀਗੜ੍ਹ ਦੇ ਕਈ ਸੈਕਟਰਾਂ ਦੇ ਕੇਂਦਰਾਂ ਵਿਚ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਪਿਛਲੇ ਹਫਤੇ ਤੋਂ ਲੰਬੀਆਂ ਕਤਾਰਾਂ ਲੱਗੀਆਂ ਸਨ, ਜਿਸ ਤੋਂ ਬਾਅਦ ਆਈਟੀ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਹੁਣ ਜਿੱਥੇ ਵੱਡੀ ਗਿਣਤੀ ਵਿਦਿਆਰਥੀ ਆਧਾਰ ਕਾਰਡ ਅਪਡੇਟ ਕਰਵਾਉਣ ਤੋਂ ਰਹਿੰਦੇ ਹਨ, ਉਥੋਂ ਦੇ ਸਕੂਲਾਂ ਵਿਚ ਜਾ ਕੇ ਆਈਟੀ ਵਿਭਾਗ ਆਧਾਰ ਕਾਰਡ ਅਪਡੇਟ ਕਰੇਗਾ। ਇਸ ਦੇ ਪਹਿਲੇ ਪੜਾਅ ਹੇਠ ਅੱਜ ਸੇਕਰਡ ਹਾਰਟ ਸਕੂਲ ਸੈਕਟਰ 26 ਵਿੱਚ ਯੂਆਈਡੀਏਆਈ ਵਲੋਂ ਆਧਾਰ (ਲਾਜ਼ਮੀ ਬਾਇਓਮੀਟ੍ਰਿਕ ਅਪਡੇਟ) ਕੈਂਪ ਲਾਇਆ ਗਿਆ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਵਿੱਚ 300 ਤੋਂ ਵੱਧ ਵਿਦਿਆਰਥੀਆਂ ਨੇ ਆਧਾਰ ਅਪਡੇਟ ਕਰਵਾਇਆ।
ਚੰਡੀਗੜ੍ਹ ਵਿੱਚ ਸਵਾ ਲੱਖ ਕੇ ਕਰੀਬ ਆਧਾਰ ਕਾਰਡ ਅਪਡੇਟ ਹੋਣੇ ਬਾਕੀ
ਆਈਟੀ ਵਿਭਾਗ ਅਨੁਸਾਰ ਇਸ ਵੇਲੇ ਚੰਡੀਗੜ੍ਹ ਵਿਚ 1.14 ਲੱਖ ਜਣਿਆਂ ਦੇ ਆਧਾਰ ਕਾਰਡ ਅਪਡੇਟ ਹੋਣੇ ਰਹਿੰਦੇ ਹਨ। ਬੱਚਿਆਂ ਵਿਚ ਇਹ ਅਪਡੇਟ 5 ਅਤੇ 15 ਸਾਲ ਦੀ ਉਮਰ ਪੂਰੀ ਹੋਣ ’ਤੇ ਕੀਤੇ ਜਾਂਦੇ ਹਨ। ਆਧਾਰ ਅਪਡੇਟ ਕਰਨ ਤੋਂ ਬਾਅਦ ਗੁੰਮ ਹੋਏ ਬੱਚਿਆਂ ਨੂੰ ਲੱਭਣ ਵਿੱਚ ਮਦਦ ਮਿਲਦੀ ਹੈ, ਮੁਕਾਬਲਾ ਤੇ ਬੋਰਡ ਪ੍ਰੀਖਿਆਵਾਂ ਦੌਰਾਨ ਆਧਾਰ ਰਾਹੀਂ ਬੱਚਿਆਂ ਦੀ ਅਸਾਨ ਤਸਦੀਕ ਆਦਿ ਕੰਮ ਹੁੰਦੇ ਹਨ।
ਸਮੱਸਿਆ ਹੱਲ ਕਰ ਦਿੱਤੀ ਗਈ ਹੈ: ਚੇਅਰਪਰਸਨ
ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਆਈਟੀ ਵਿਭਾਗ ਨੇ ਕਿਹਾ ਸੀ ਕਿ ਭਵਿੱਖ ਵਿਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਹ ਸਮੱਸਿਆ ਨਹੀਂ ਆਵੇਗੀ। ਆਈਟੀ ਵਿਭਾਗ ਦੇ ਅਧਿਕਾਰੀ ਨਿਤੀਸ਼ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਵੇਲੇ ਗਿਣਤੀ ਦੀਆਂ ਹੀ ਵਾਧੂ ਮਸ਼ੀਨਾਂ ਹਨ ਤੇ ਹੋਰ ਮਸ਼ੀਨਾਂ ਮੰਗਵਾਈਆਂ ਗਈਆਂ ਹਨ ਪਰ ਵਿਭਾਗ ਵਲੋਂ ਹੁਣ ਰੋਜ਼ਾਨਾ ਕਿਸੇ ਨਾ ਕਿਸੇ ਸਕੂਲ ਵਿਚ ਜਾ ਕੇ ਆਧਾਰ ਕਾਰਡ ਅਪਡੇਟ ਕਰਵਾਉਣ ਦੇ ਕੈਂਪ ਲਾਏ ਜਾਣਗੇ।