ਈਸਾਪੁਰ ਰੇਲਵੇ ਫਾਟਕ ਤਿੰਨ ਦਿਨ ਲਈ ਬੰਦ
ਹਰਜੀਤ ਸਿੰਘ
ਡੇਰਾਬੱਸੀ, 11 ਜੁਲਾਈ
ਅੰਬਾਲਾ ਕਾਲਕਾ ਰੇਲਵੇ ਲਾਈਨ ’ਤੇ ਪੈਂਦੇ ਈਸਾਪੁਰ ਰੇਲਵੇ ਫਾਟਕ ਰੇਲਵੇ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਲਈ ਅੱਜ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ। ਇਸ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਰੇਲਵੇ ਵਿਭਾਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਰੇਲਵੇ ਵਿਭਾਗ ਵੱਲੋਂ ਫਾਟਕ ਬੰਦ ਕਰਨ ਤੋਂ ਪਹਿਲਾਂ ਅਗਾਊਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਕੱਤਰ ਕੀਤੀ ਜਾਣਕਾਰੀ ਡੇਰਾਬੱਸੀ ਤੋਂ ਈਸਾਪੁਰ ਸੜਕ ਇਕ ਅਹਿਮ ਸੜਕ ਹੈ ਜੋ ਦਰਜਨਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਦੀ ਹੈ। ਇਥੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ। ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਵਾਰ ਵਾਰ ਮੁਰੰਮਤ ਦੀ ਆੜ ਹੇਠ ਇਸ ਫਾਟਕ ਨੂੰ ਕਈਂ ਕਈਂ ਦਿਨਾਂ ਲਈ ਬੰਦ ਕੀਤਾ ਜਾਂਦਾ ਹੈ। ਇਸ ਬਾਰੇ ਸਥਾਨਕ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਸਥਾਨਕ ਲੋਕਾਂ ਤੋਂ ਇਲਾਵਾ ਇਸ ਬਾਰੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਬਾਰੇ ਅਗਾਊਂ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਲੋਕ ਇਥੇ ਪਹੁੰਚ ਖੱਜਲ੍ਹ ਨਾ ਹੋਣਾ ਪਏ। ਲੋਕਾਂ ਨੇ ਦੱਸਿਆ ਕਿ ਉਹ ਆਪਣੇ ਰੋਜ਼ਾਨਾ ਸਮੇਂ ਵਾਂਗ ਜਦ ਇੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਜਾਣਕਾਰੀ ਮਿਲੀ। ਉਨ੍ਹਾਂ ਨੂੰ ਪਿੰਡ ਭਾਂਖਰਪੁਰ ਅਤੇ ਹੋਰਨਾਂ ਰਸਤਿਆਂ ਤੋਂ ਆਪਣੀ ਮੰਜ਼ਿਲ ’ਤੇ ਪਹੁੰਚਣਾ ਪਿਆ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਰੇਲਵੇ ਵਿਭਾਗ ਨੂੰ ਇਸਦੀ ਅਗਾਊਂ ਜਾਣਕਾਰੀ ਦੇਣ ਤੋਂ ਇਲਾਵਾ ਸਥਾਨਕ ਲੋਕਾਂ ਲਈ ਕੋਈ ਆਰਜ਼ੀ ਪ੍ਰਬੰਧ ਕਰਨਾ ਚਾਹੀਦਾ ਹੈ।