DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੌਜਵਾਨਾਂ ਨੂੰ ਫ਼ੌਜ ਵਿੱਚ ਸ਼ਾਮਲ ਹੋਣ ਅਤੇ ਦੇਸ਼ ਸੇਵਾ ਦਾ ਸੱਦਾ

ਚੰਡੀਗੜ੍ਹ ਵਿੱਚ 7ਵੇਂ ਮਿਲਟਰੀ ਲਿਟਰੇਚਰ ਫੈਸਟੀਵਲ-2023 ਦਾ ਆਗਾਜ਼
  • fb
  • twitter
  • whatsapp
  • whatsapp
featured-img featured-img
ਮਿਲਟਰੀ ਲਿਟਰੇਚਰ ਫੈਸਟੀਵਲ ’ਚ ਕਿਤਾਬਚਾ ਜਾਰੀ ਕਰਦੇ ਹੋਏ ਜਨਰਲ ਮਨੋਜ ਕੁਮਾਰ ਕਟਿਆਰ ਤੇ ਹੋਰ ਫੌਜੀ ਅਫ਼ਸਰ। -ਫੋਟੋ:ਵਿੱਕੀ ਘਾਰੂ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 2 ਦਸੰਬਰ

Advertisement

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ, ਪੱਛਮੀ ਕਮਾਂਡ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੁਖਨਾ ਝੀਲ ’ਤੇ ਕਰਵਾਇਆ ਜਾ ਰਿਹਾ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਫੈਸਟੀਵਲ ਦਾ ਉਦਘਾਟਨ ਪੱਛਮੀ ਕਮਾਂਡ ਦੇ ਜਨਰਲ ਆਫ਼ਿਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਕੀਤਾ। ਜਨਰਲ ਕਟਿਆਰ ਨੇ ਨੌਜਵਾਨਾਂ ਨੂੰ ਫ਼ੌਜ ਵਿੱਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਦੇਸ਼ ਦੀ ਸੇਵਾ ਵਿੱਚ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਨੌਜਵਾਨਾਂ ਵਿੱਚ ਦੇਸ਼ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਲੈਫਟੀਨੈਂਟ ਜਨਰਲ ਨੇ ਵੱਡੀ ਗਿਣਤੀ ਵਿੱਚ ਮੌਜੂਦ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਫ਼ੌਜ ਭਵਿੱਖ ’ਚ ਵੀ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਦੀ ਰਹੇਗੀ। ਫੈਸਟੀਵਲ ਦੇ ਪਹਿਲੇ ਦਿਨ ਪਾਕਿਸਤਾਨ ਅਤੇ ਤਾਲਿਬਾਨ ਨਾਲ ਨਜਿੱਠਣ ਬਾਰੇ ਆਈਏਐੱਸ ਆਰ ਕੇ ਕੌਸ਼ਿਕ, ਆਈਐੱਫਐੱਸ ਅਜੈ ਬਿਸਾਰੀਆ, ਬ੍ਰਿਗੇਡੀਅਰ ਹਰਸ਼ ਵਰਧਨ ਸਿੰਘ ਅਤੇ ਆਈਏਐੱਸ ਰਾਖੀ ਗੁਪਤਾ ਭੰਡਾਰੀ ਨੇ ਵਿਚਾਰ-ਚਰਚਾ ਕੀਤੀ। ਇਸ ਦੌਰਾਨ ਆਈਐੱਫਐੱਸ (ਰਿਟਾਇਰਡ) ਮਨੀ ਸ਼ੰਕਰ ਅਈਅਰ ਨੇ ਆਨਲਾਈਨ ਆਪਣੇ ਵਿਚਾਰ ਸਾਂਝੇ ਕੀਤੇ। ਰੱਖਿਆ ਮਾਹਿਰਾਂ ਨੇ ਪਾਕਿਸਤਾਨ ਅਤੇ ਤਾਲਿਬਾਨ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਭਾਰਤ ਵਿਰੋਧੀ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਤਾਲਿਬਾਨ ਨਾਲ ਨਜਿੱਠਣ ਲਈ ਦੇਸ਼ ਨੂੰ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਜੋ ਮੁਲਕ ਦੀ ਆਸਾਨੀ ਨਾਲ ਰੱਖਿਆ ਕੀਤੀ ਜਾ ਸਕੇ। ਆਈਏਐੱਸ ਰਾਖੀ ਗੁਪਤਾ ਭੰਡਾਰੀ ਨੇ ਕਿਹਾ ਕਿ ਪੰਜਾਬ ਨੂੰ ਵੱਧ ਤੋਂ ਵੱਧ ਕੌਮਾਂਤਰੀ ਸਹਿਯੋਗ ਹਾਸਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪਣੇ ਗੁਆਂਢੀ ਦੇਸ਼ ਤੇ ਗਲੋਬਲ ਸੰਗਠਨ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਤਿਵਾਦ ਦੀ ਬਜਾਏ ਸੈਰ ਸਪਾਟੇ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਸਿਹਤ ਸਹੂਲਤਾਂ, ਖੇਡਾਂ ਅਤੇ ਸੈਰ ਸਪਾਟੇ ’ਤੇ ਜ਼ੋਰ ਦੇਣਾ ਚਾਹੀਦਾ ਹੈ।

ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਪਦਮਸ੍ਰੀ ਸੁਰਜੀਤ ਪਾਤਰ, ਲੈਫਟੀਨੈਂਟ ਜਨਰਲ ਜੇ.ਐੱਸ. ਚੀਮਾ, ਕਰਨਲ ਜਸਜੀਤ ਸਿੰਘ ਗਿੱਲ ਅਤੇ ਡਾ. ਤਜਿੰਦਰ ਸਿੰਘ। -ਫੋਟੋ: ਰਵੀ ਕੁਮਾਰ

ਚੀਨ ਵੱਲੋਂ 1995 ਵਿੱਚ ਆਪਣਾ ਫ਼ੌਜੀ ਆਧੁਨਿਕੀਕਰਨ ਕਰਨ ਤੋਂ ਬਾਅਦ ਅੱਜ ਦੇ ਹਾਲਾਤ ਅਤੇ ਭਾਰਤ ਦੇ ਫ਼ੌਜੀ ਹਥਿਆਰਾਂ ਤੇ ਤਕਨੀਕ ਦੇ ਹਾਲਾਤ ਬਾਰੇ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਕਰਨਲ ਟੀ ਬੀ ਐੱਸ ਹੁੰਦਲ ਵੱਲੋਂ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਯੂਕਰੇਨ ਅਤੇ ਰੂਸ ਦੀ ਜੰਗ ਦੌਰਾਨ ਭਾਰਤ ਦੇ ਰਵੱਈਏ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪ੍ਰਸਿੱਧ ਲੇਖਕ ਸੁਰਜੀਤ ਪਾਤਰ ਨੇ ਪੰਜਾਬ ਦੀਆਂ ਵੀਰ ਰਸ (ਮਾਰਸ਼ਲ) ਕਵਿਤਾਵਾਂ ਨਾਲ ਸਾਰਿਆਂ ਦਾ ਮਨ ਮੋਹ ਲਿਆ। ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀ ਐਸ ਸ਼ੇਰਗਿੱਲ ਨੇ ਫੈਸਟੀਵਲ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ 7ਵਾਂ ਮਿਲਟਰੀ ਲਿਟਰੇਚਰ ਫੈਸਟੀਵਲ ਸਾਲ 1947-48 ’ਚ ਭਾਰਤ-ਪਾਕਿਸਤਾਨ ਵਿਚਕਾਰ ਹੋਈ ਲੜਾਈ ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਇਸ ਮੌਕੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ, ਜਿਨ੍ਹਾਂ ਨੇ ਫੈਸਟੀਵਲ ਦਾ ਆਨੰਦ ਮਾਣਿਆ।

ਟੈਂਕ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ

ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਪੱਛਮੀ ਕਮਾਂਡ ਵੱਲੋਂ ਟੈਂਕ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਜੋ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਲੜਕਿਆਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਲੜਕੀਆਂ ਨੇ ਵੀ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਸ਼ਮੂਲੀਅਤ ਕੀਤੀ। ਫ਼ੌਜ ਵੱਲੋਂ ਫੈਸਟੀਵਲ ਵਿੱਚ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਬੱਚਿਆਂ ਅਤੇ ਨੌਜਵਾਨਾਂ ਨੇ ਪੇਂਟਿੰਗ ਮੁਕਾਬਲੇ ’ਚ ਹਿੱਸਾ ਲਿਆ।

ਈ-ਬੁੱਕ ਅਤੇ ਬਹਾਦੁਰੀ ਪੁਰਸਕਾਰ ਨਾਲ ਸਨਮਾਨੇ ਫੌਜੀਆਂ ਬਾਰੇ ਪੁਸਤਕ ਰਿਲੀਜ਼

ਚੰਡੀਗੜ੍ਹ (ਟਨਸ): ਪੱਛਮੀ ਸੈਨਾ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਵੇਰਵਿਆਂ, ਭਾਰਤ ਦੁਆਲੇ ਤੇ ਦੁਨੀਆ ਵਿੱਚ ਫੌਜੀ ਚੁਣੌਤੀਆਂ ਬਾਰੇ ਈ-ਬੁੱਕ ਲਾਂਚ ਕੀਤੀ। ਇਸ ਈ-ਬੁੱਕ ਵਿੱਚ ਵੱਖ ਵੱਖ ਜੰਗਾਂ ਬਾਰੇ ਲੇਖ ਵੀ ਸ਼ਾਮਲ ਹਨ। ਇਸ ਸਾਲ ਇਸ ਫੈਸਟੀਵਲ ਦਾ ਮੁੱਖ ਵਿਸ਼ਾ ‘ਦੁਨੀਆ ਵਿੱਚ ਉੱਥਲ-ਪੁੱਥਲ ਤੇ ਇਤਿਹਾਸ ਤੋਂ ਸਿੱਖੇ ਸਬਕ’ ਰੱਖਿਆ ਗਿਆ ਹੈ। ਉਨ੍ਹਾਂ ਇਸ ਮੌਕੇ ਲੈਫਟੀਨੈਂਟ ਜਨਰਲ ਜੇਐੱਸ ਚੀਮਾ (ਸੇਵਾਮੁਕਤ) ਅਤੇ ਡੀਏਵੀ ਕਾਲਜ ’ਚ ਪ੍ਰੋ. ਕੰਵਲਪ੍ਰੀਤ ਕੌਰ ਵੱਲੋਂ ਲਿਖੀ ਪੁਸਤਕ ‘ਬਰੇਵਹਰਟਜ਼ ਆਫ ਪੰਜਾਬ’ ਵੀ ਲਾਂਚ ਕੀਤੀ। ਇਸ ਪੁਸਤਕ ਵਿੱਚ ਉਨ੍ਹਾਂ ਸਾਰੇ 121 ਪੰਜਾਬੀ ਫੌਜੀਆਂ ਦੇ ਵੇਰਵੇ ਹਨ ਜਿਨ੍ਹਾਂ ਨੂੰ ਪਰਮਵੀਰ ਚੱਕਰ, ਮਹਾਵੀਰ ਚੱਕਰ ਤੇ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ. ਕੰਵਲਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਬਹਾਦੁਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਮਗਰੋਂ ਇਹ ਪੁਸਤਕ ਲਿਖੀ ਹੈ।

Advertisement
×