ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰ ਬਣਾਉਣ ਲਈ ਪਹਿਲ
ਪੁਲੀਸ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਥਾਣਿਆਂ ਅਤੇ ਜ਼ਿਲ੍ਹਾ ਪੁਲੀਸ ਦਫ਼ਤਰ ਦਾ ਦੌਰਾ ਕਰਵਾਇਆ
ਵੱਲਭਭਾਈ ਪਟੇਲ ਦੇ ਜਨਮ ਦਿਹਾੜੇ ਮੌਕੇ ਮਨਾਏ ਰਾਸ਼ਟਰੀ ਏਕਤਾ ਦਿਵਸ ਮੌਕੇ ਐੱਸ ਐੱਸ ਪੀ ਮੁਹਾਲੀ ਹਰਮਨਦੀਪ ਸਿੰਘ ਹਾਂਸ ਵੱਲੋਂ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰ ਅਤੇ ਮਜ਼ਬੂਤ ਨਾਗਰਿਕ ਬਣਾਉਣ ਲਈ ਵਿਲੱਖਣ ਪਹਿਲ ਕਦਮੀ ਕੀਤੀ ਗਈ।
ਮੁਹਾਲੀ ਪੁਲੀਸ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਪੁਲੀਸ ਸਟੇਸ਼ਨਾਂ ਅਤੇ ਜ਼ਿਲ੍ਹਾ ਪੁਲੀਸ ਦਫ਼ਤਰ ਦਾ ਦੌਰਾ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਪੁਲੀਸ ਦੇ ਕੰਮ, ਜਨਤਕ ਸਹੂਲਤਾਂ, ਨਸ਼ਿਆਂ ਤੋਂ ਦੂਰ ਰਹਿਣ ਅਤੇ ਵਧ ਰਹੀਆਂ ਅਪਰਾਧਿਕ ਗਤੀਵਿਧੀਆਂ ਤੋਂ ਚੌਕਸ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸ ਐਸ ਪੀ ਦਫਤਰ ਅਤੇ ਵੱਖ-ਵੱਖ ਥਾਣਿਆਂ ਵਿੱਚ ਪੌਦੇ ਲਗਾ ਕੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦਾ ਸੰਦੇਸ਼ ਵੀ ਦਿੱਤਾ ਗਿਆ।
ਜ਼ਿਲ੍ਹਾ ਪੁਲੀਸ ਮੁਖੀ ਨੇ ਇਸ ਮੌਕੇ ਸਕੂਲੀ ਬੱਚਿਆਂ ਨੂੰ ਪੁਲੀਸ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸੇ ਵੀ ਐਮਰਜੈਂਸੀ ਸਮੇਂ 112 ਨੰਬਰ ਡਾਇਲ ਕਰ ਕੇ ਪੁਲੀਸ ਸਹਾਇਤਾ ਲੈਣ ਦੀ ਸਲਾਹ ਦਿੱਤੀ। ਇਸ ਮੌਕੇ ਐਸ ਪੀ ਦੀਪਿਕਾ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਵੀ ਮੌਜੂਦ ਸਨ।
ਡੀ ਏ ਵੀ ਸਕੂਲ ਦੇ ਵਿਦਿਆਰਥੀ ਐੱਸ ਐੱਚ ਓ ਦੀ ਕੁਰਸੀ ’ਤੇ ਬੈਠੇ
ਕੁਰਾਲੀ (ਮਿਹਰ ਸਿੰਘ): ਸਥਾਨਕ ਡੀ ਏ ਵੀ ਸਕੂਲ ਦੇ ਵਿਦਿਆਰਥੀਆਂ ਨੇ ਥਾਣਾ ਸਿਟੀ ਦਾ ਦੌਰਾ ਕੀਤਾ ਜਦੋਂਕਿ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਐੱਸ ਐੱਚ ਓ ਦੀ ਕੁਰਸੀ ’ਤੇ ਬਿਠਾ ਕੇ ਥਾਣਾ ਮੁਖੀ ਦੀਆਂ ਜ਼ਿੰਮੇਵਾਰੀਆਂ ਦੇ ਪੇਸ਼ੇ ਦੀ ਵਿਵਹਾਰਕਤਾ ਸਬੰਧੀ ਜਾਣਕਾਰੀ ਦਿੱਤੀ ਗਈ। ਐੱਸ ਐੱਚ ਓ ਗੋਰਵੰਸ਼ ਦੀ ਅਗਵਾਈ ਹੇਠ ਸਥਾਨਕ ਥਾਣਾ ਸਿਟੀ ਵਿੱਚ ਇਕੱਠ ਕੀਤਾ ਗਿਆ। ਇਸ ਵਿੱਚ ਡੀ ਏ ਵੀ ਸਕੂਲ ਦੇ ਵਿਦਿਆਰਥੀਆਂ ਨੇ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਹਿੱਸਾ ਲਿਆ। ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੁਰਸੀਆਂ ’ਤੇ ਬਿਠਾਇਆ ਗਿਆ ਅਤੇ ਐੱਸ ਐੱਚ ਓ ਦੀਆਂ ਜ਼ਿੰਮੇਵਾਰੀਆਂ ਬਾਰੇ ਦੱਸਿਆ ਗਿਆ। ਐੱਸ ਐੱਚ ਓ ਗੌਰਵੰਸ਼ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਥਾਣੇ ਵਿੱਚ ਬੱਚਿਆਂ ਨੇ ਬੂਟੇ ਵੀ ਲਾਏ।

