ਇੰਡੀਗੋ ਸੰਕਟ: ਸ਼ਹੀਦ ਭਗਤ ਸਿੰਘ ਹਵਾਈ ਅੱਡੇ ’ਤੇ ਕੰਟਰੋਲ ਰੂਮ ਕਾਇਮ
ਪੰਜਾਬ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਸਕੱਤਰ ਵੱਲੋਂ ਸਾਰੇ ਹਿੱਸੇਦਾਰਾਂ ਨਾਲ ਸਮੀਖਿਆ ਮੀਟਿੰਗ
ਇੰਡੀਗੋ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਯਾਤਰੀਆਂ ਦੀ ਸਹੂਲਤ ਲਈ ਮੁਹਾਲੀ ਸਥਿਤ ਸ਼ਹੀਦ ਭਗਤ ਸਿੰਘ ਕੋਮਾਂਤਰੀ ਹਵਾਈ ਅੱਡੇ ’ਤੇ ਕੰਟਰੋਲ ਰੂਮ ਸਥਾਪਤ ਕੀਤਾ ਹੈ। ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਦੀ ਸਕੱਤਰ ਸੋਨਾਲੀ ਗਿਰੀ ਨੇ ਅੱਜ ਹਵਾਈ ਅੱਡਾ ਅਧਿਕਾਰੀਆਂ, ਸੀ ਆਈ ਐੱਸ ਐੱਫ ਅਤੇ ਏਅਰਲਾਈਨ ਕੰਪਨੀਆਂ ਨਾਲ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ।
ਸ੍ਰੀ ਗਿਰੀ ਨੇ ਦੱਸਿਆ ਕਿ ਇੰਡੀਗੋ ਦੀਆਂ ਉਡਾਣਾਂ ਵਿੱਚ ਦੇਰੀ ਜਾਂ ਰੱਦ ਹੋਣ ਕਾਰਨ ਪ੍ਰਭਾਵਿਤ ਯਾਤਰੀਆਂ ਦੀ ਸਹੂਲਤ ਲਈ ਡਿਊਟੀ ਟਰਮੀਨਲ ਮੈਨੇਜਰ ਦੇ ਦਫ਼ਤਰ ਵਿਚ ਕੰਟਰੋਲ ਸਥਾਪਤ ਕੀਤਾ ਗਿਆ ਜਿੱਥੇ ਰਿਫੰਡ ਅਤੇ ਰੀ-ਸ਼ਡਿਊਲਿੰਗ, ਸਾਮਾਨ ਦੀ ਡਿਲਿਵਰੀ ਅਤੇ ਉਡਾਣਾਂ ਸਬੰਧੀ ਤਾਜ਼ਾ ਜਾਣਕਾਰੀ ਤੇ ਹੋਰ ਸਹਾਇਤਾ ਮਿਲੇਗੀ। ਯਾਤਰੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 95010-15832 ’ਤੇ ਸੰਪਰਕ ਕਰ ਸਕਦੇ ਹਨ ਅਤੇ ਏਅਰਪੋਰਟ ਅਥਾਰਿਟੀ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ’ਤੇ ਵੀ ਜਾਣਕਾਰੀ ਲੈ ਸਕਦੇ ਹਨ। ਯਾਤਰੀ ਆਪਣੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਇੰਡੀਗੋ ਏਅਰਲਾਈਨਜ਼ ਦੇ ਨੰਬਰ 92899-38532, ਏਅਰ ਇੰਡੀਆ ਦੇ 88001-97833, 0172-2242201, ਏਅਰ ਇੰਡੀਆ ਐਕਸਪ੍ਰੈੱਸ ਦੇ 92055-08549, ਅਲਾਇੰਸ ਏਅਰ ਦੇ 98184-28648 ਅਤੇ ਹੈਲਪਲਾਈਨ ਨੰਬਰਾਂ ’ਤੇ ਵੀ ਕਾਲ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਇੰਡੀਗੋ ਏਅਰਲਾਈਨਜ਼ ਕੋਲ ਵੱਖ-ਵੱਖ ਯਾਤਰੀਆਂ ਦੇ ਲਗਭਗ 30 ਨਗ ਹਨ, ਜੋ ਏਅਰਲਾਈਨ ਯਾਤਰੀਆਂ ਨੂੰ ਉਨ੍ਹਾਂ ਦੀ ਸਬੰਧਤ ਰਿਹਾਇਸ਼ ’ਤੇ ਬਿਨਾਂ ਕਿਸੇ ਵਾਧੂ ਫੀਸ ਤੋਂ ਭੇਜੇਗੀ। ਏਅਰਲਾਈਨ ਇਹ ਵੀ ਯਕੀਨੀ ਬਣਾਏਗੀ ਕਿ ਉਡਾਣਾਂ ਰੱਦ ਹੋਣ ਦੀ ਸੂਚਨਾ ਯਾਤਰੀਆਂ ਨੂੰ ਉਡਾਣ ਤੋਂ ਘੱਟੋ-ਘੱਟ 10 ਘੰਟੇ ਪਹਿਲਾਂ ਦਿੱਤੀ ਜਾਵੇ।

