Indian-origin man arrested: ਉਡਾਣ ਦੌਰਾਨ ਲੜਾਈ ਦੇ ਦੋਸ਼ ਹੇਠ ਅਮਰੀਕਾ ’ਚ ਭਾਰਤੀ ਮੂਲ ਦਾ 21 ਸਾਲਾ ਵਿਅਕਤੀ ਗ੍ਰਿਫ਼ਤਾਰ
ਹੋਰ ਯਾਤਰੀਆਂ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਦੋ ਆਦਮੀ ਇੱਕ ਦੂਜੇ ਨਾਲ ਹੱਥੋਪਾਈ ਕਰਦੇ ਹੋਏ ਦਿੱਤੇ ਦਿਖਾਈ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 4 ਜੁਲਾਈ
ਅਮਰੀਕਾ ਵਿਚ 30 ਜੂਨ ਨੂੰ ਫਿਲਾਡੇਲਫੀਆ ਤੋਂ ਮਿਆਮੀ ਜਾ ਰਹੀ ਫਰੰਟੀਅਰ ਏਅਰਲਾਈਨਜ਼ (Frontier Airlines) ਦੀ ਉਡਾਣ ਵਿੱਚ ਇੱਕ ਸਾਥੀ ਮੁਸਾਫ਼ਰ ਉਤੇ ਕਥਿਤ ਤੌਰ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਇੱਕ 21 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇੱਕ ਵੀਡੀਓ ਵਿੱਚ ਅੰਸ਼ਕ ਤੌਰ 'ਤੇ ਕੈਦ ਕੀਤੀ ਗਈ ਇਸ ਘਟਨਾ ਵਿਚ ਨਿਊ ਜਰਸੀ ਦੇ ਨੇਵਾਰਕ ਦੇ ਈਸ਼ਾਨ ਸ਼ਰਮਾ (Ishaan Sharma of Newark, New Jersey) ਅਤੇ ਇੱਕ ਹੋਰ ਮੁਸਾਫ਼ਰ ਕੀਨੂ ਇਵਾਨਜ਼ (Keanu Evans) ਵਿਚਕਾਰ ਹੱਥੋਪਾਈ ਹੁੰਦੀ ਦਿਖਾਈ ਦਿੰਦੀ ਹੈ। ਰਿਪੋਰਟਾਂ ਅਨੁਸਾਰ ਸ਼ਰਮਾ ਦੇ ਆਪਣੀ ਸੀਟ 'ਤੇ ਵਾਪਸ ਆਉਣ ਤੋਂ ਥੋੜ੍ਹੀ ਦੇਰ ਬਾਅਦ ਟਕਰਾਅ ਸ਼ੁਰੂ ਹੋ ਗਿਆ।
New: Ishaan Sharma, 21, was arrested for allegedly committing an unprovoked assault on a fellow passenger aboard a Frontier flight to Miami.
Sharma faces charges of battery and a $500 bond, per jail records.
The victim reported to police that the attack was unprovoked,… pic.twitter.com/9xwPmKNHaF
— The Facts Dude (@The_Facts_Dude) July 3, 2025
ਇਵਾਨਜ਼, ਜੋ ਸ਼ਰਮਾ ਦੇ ਐਨ ਸਾਹਮਣੇ ਬੈਠਾ ਸੀ, ਨੇ ਅਧਿਕਾਰੀਆਂ ਨੂੰ ਦੱਸਿਆ ਕਿ ਹਮਲਾ ਬਿਨਾਂ ਕਿਸੇ ਭੜਕਾਹਟ ਦੇ ਕੀਤਾ ਗਿਆ ਸੀ। ਉਸਨੇ ਦਾਅਵਾ ਕੀਤਾ ਕਿ ਸ਼ਰਮਾ ਨੇ ਉਸ ਨੂੰ ਧਮਕਾਉਣਾ ਤੇ ਭੰਡਣਾ ਸ਼ੁਰੂ ਕਰ ਦਿੱਤਾ, ਜਿਵੇਂ ਕਿ, "ਤੂੰ ਘਟੀਆ ਆਦਮੀ ਹੈ। ਜੇ ਤੂੰ ਮੇਰੇ ਨਾਲ ਪੰਗਾ ਲਿਆ ਤਾਂ ਤੇਰੀ ਮੌਤ ਅੱਜ ਪੱਕੀ ਹੈ।"
ਇਵਾਨਜ਼ ਨੇ ਕਿਹਾ ਕਿ ਉਸ ਨੇ ਸ਼ੁਰੂ ਵਿੱਚ ਫਲਾਈਟ ਅਟੈਂਡੈਂਟਸ ਨੂੰ ਸੁਚੇਤ ਕਰਕੇ ਅਤੇ ਸਹਾਇਤਾ ਬਟਨ ਦਬਾ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਸਨੇ ਦੋਸ਼ ਲਗਾਇਆ ਕਿ ਸ਼ਰਮਾ ਨੇ ਉਸ ਨੂੰ ਗਲ਼ੇ ਤੋਂ ਫੜ ਕੇ ਟਕਰਾਅ ਨੂੰ ਵਧਾ ਦਿੱਤਾ। ਇਵਾਨਜ਼ ਨੇ 7ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, "ਅਚਾਨਕ ਉਸਨੇ ਮੈਨੂੰ ਗਲੇ ਤੋਂ ਫੜ ਲਿਆ ਅਤੇ ਮੇਰਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ।" ਉਸ ਨੇ ਕਿਹਾ, "ਉਸ ਸਮੇਂ ਮੇਰੇ ਕੋਲ ਆਪਣਾ ਬਚਾਅ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।"
ਹੋਰ ਮੁਸਾਫ਼ਰਾਂ ਵੱਲੋਂ ਸਾਂਝੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਦੋ ਆਦਮੀ ਇੱਕ ਦੂਜੇ ਨਾਲ ਜੂਝਦੇ ਹੋਏ ਦਿਖਾਈ ਦੇ ਰਹੇ ਹਨ ਜਦੋਂ ਦੂਜੇ ਮੁਸਾਫ਼ਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਫਲਾਈਟ ਦੇ ਅਮਲੇ ਨੇ ਲੜਾਈ ਨੂੰ ਖਤਮ ਕਰਨ ਲਈ ਦਖਲ ਦਿੱਤਾ।
ਸ਼ਰਮਾ ਨੂੰ ਮਿਆਮੀ ਵਿੱਚ ਉਤਰਨ 'ਤੇ ਹਿਰਾਸਤ ਵਿੱਚ ਲੈ ਲਿਆ ਗਿਆ। ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ੀ ਦੌਰਾਨ, ਸ਼ਰਮਾ ਦੇ ਵਕੀਲ ਨੇ ਕਿਹਾ ਕਿ ਇਹ ਘਟਨਾ ਇੱਕ ਗਲਤਫਹਿਮੀ ਕਾਰਨ ਹੋਈ ਸੀ ਜਦੋਂ ਉਸਦਾ ਮੁਵੱਕਿਲ ਧਿਆਨ (meditation) ਕਰ ਰਿਹਾ ਸੀ, ਜੋ ਕਿ ਉਸਦੇ ਧਾਰਮਿਕ ਵਿਸ਼ਵਾਸਾਂ ਨਾਲ ਸਬੰਧਤ ਇੱਕ ਅਭਿਆਸ ਹੈ।
ਜਦੋਂ ਕਿ ਇਵਾਨਜ਼ ਦਾ ਕਹਿਣਾ ਹੈ ਕਿ ਹਮਲਾ ਬਿਨਾਂ ਕਿਸੇ ਭੜਕਾਹਟ ਦੇ ਕੀਤਾ ਗਿਆ ਸੀ, ਪਰ ਘੱਟੋ-ਘੱਟ ਦੋ ਯਾਤਰੀਆਂ ਨੇ ਦਾਅਵਾ ਕੀਤਾ ਕਿ ਇਵਾਨਜ਼ ਨੇ ਉਡਾਣ ਦੌਰਾਨ ਸ਼ਰਮਾ ਪ੍ਰਤੀ ਗ਼ਲਤ ਟਿੱਪਣੀਆਂ ਕੀਤੀਆਂ ਸਨ। ਸ਼ਰਮਾ 500 ਡਾਲਰ ਦੇ ਬਾਂਡ 'ਤੇ ਹਿਰਾਸਤ ਵਿੱਚ ਹੈ। ਇੱਕ ਜੱਜ ਨੇ ਕੇਸ ਦੀ ਕਾਰਵਾਈ ਦੇ ਚੱਲਦੇ ਸ਼ਰਮਾ ਅਤੇ ਇਵਾਨਜ਼ ਵਿਚਕਾਰ ਸੰਪਰਕ 'ਤੇ ਪਾਬੰਦੀ ਲਗਾਉਂਦੇ ਹੋਏ, ਸਟੇਅ-ਅਵੇਅ ਆਰਡਰ ਜਾਰੀ ਕੀਤਾ ਹੈ।