ਥਲ ਸੈਨਾ ਦੀ ਪੱਛਮੀ ਕਮਾਂਡ ਨੇ ਸਥਾਪਨਾ ਦਿਵਸ ਮਨਾਇਆ
ਥਲ ਸੈਨਾ ਦੀ ਪੱਛਮੀ ਕਮਾਂਡ ਨੇ ਚੰਡੀਗੜ੍ਹ ਸਥਿਤ ਚੰਡੀ ਮੰਦਰ ਵਿੱਚ 79ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਪੱਛਮੀ ਕਮਾਂਡ ਨੇ ਇਸ ਸਥਾਪਨਾ ਦਿਵਸ ਨੂੰ ਭਾਰਤ-ਪਾਕਿਸਤਾਨ ਵਿਚਕਾਰ ਜੰਗ ਦੀ 60ਵੀਂ ਵਰ੍ਹੇਗੰਢ ਨੂੰ ਸਮਰਪਿਤ ਕੀਤਾ। ਇਸ ਮੌਕੇ ਪੱਛਮੀ ਕਮਾਂਡ ਦੇ ਜੀਓਸੀ ਲੇਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਪੀਵੀਐੱਸਐੱਮ, ਯੂਵਾਈਐੱਸਐੱਮ, ਏਵੀਐੱਸਐੱਮ ਨੇ ਪੱਛਮੀ ਕਮਾਂਡ ਦੇ ਸਾਰੇ ਰੈਂਕ ਦੇ ਜਵਾਨਾਂ ਵੱਲੋਂ ਅਪਰੇਸ਼ਨ ਸਿੰਧੂਰ ਅਤੇ ਹਾਲ ਹੀ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੀਤੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਥਲ ਸੈਨਾ ਦੀ ਪੱਛਮੀ ਕਮਾਂਡ ਹਰ ਮੁਸ਼ਕਲ ਭਰੇ ਕਾਰਜ ਨੂੰ ਬਹੁਤ ਹੀ ਦਲੇਰੀ ਨਾਲ ਪੁਰਾ ਕਰਦੀ ਹੈ। ਇਸ ਮੌਕੇ ਪੱਛਮੀ ਕਮਾਂਡ ਦਫ਼ਤਰ ਦੇ ਚੀਫ਼ ਆਫ਼ ਸਟਾਫ਼ ਲੇਫਟੀਨੈਂਟ ਜਨਰਲ ਮੋਹਿਤ ਵਧਵਾ ਨੇ ਵੀਰ ਸਮਾਰਤ ’ਤੇ ਸ਼ਹੀਦਾਂ ਨੂੰ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਪੱਛਮੀ ਕਮਾਂਡ ਦੀ ਸਥਾਪਨਾ 15 ਸਤੰਬਰ 1947 ਨੂੰ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਹੋਈ ਸੀ। ਸ਼ੁਰੂਆਤ ਵਿੱਚ ਇਹ ਦਿੱਲੀ ਤੇ ਪੂਰਬੀ ਪੰਜਾਬ ਕਮਾਂਡ ਵਜੋਂ ਦਿੱਲੀ ਤੇ ਪੰਜਾਬ ਦੇ ਖੇਤਰਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਨਿਭਾ ਰਿਹਾ ਸੀ। ਇਸ ਤੋਂ ਬਾਅਦ ਇਹ ਦਫ਼ਤਰ ਚੰਡੀ ਮੰਦਰ ਵਿੱਚ ਸਥਾਪਤ ਕਰ ਦਿੱਤਾ। 20 ਜਨਵਰੀ 1948 ਨੂੰ ਇਸ ਦਾ ਨਾਮ ਬਦਲ ਕੇ ਪੱਛਮੀ ਕਮਾਂਡ ਰੱਖ ਦਿੱਤਾ ਸੀ, ਜਿਸ ਨੂੰ ਜੰਮੂ-ਕਸ਼ਮੀਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੌਂਪੀ ਗਈ। ਉਨ੍ਹਾਂ ਕਿਹਾ ਕਿ ਉੱਤਰੀ ਕਮਾਂਡ ਦੀ ਸਥਾਪਨਾ ਤੋਂ ਪਹਿਲਾਂ ਪੱਛਮੀ ਕਮਾਂਡ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਸਣੇ ਸਾਰੀ ਉੱਤਰੀ ਸੀਮਾ ਦੀ ਰੱਖਿਆ ਕਰਦੀ ਸੀ। ਪੱਛਮੀ ਕਮਾਂਡ ਦੇ ਵੱਡੀ ਗਿਣਤੀ ਵਿੱਚ ਜਵਾਨਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਦਿੱਤੀ ਹੈ।